ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਸਮੇਤ 7 ਸ਼ਹਿਰਾਂ ਵਿੱਚ ਨਵੇਂ ਜੱਚਾ-ਬੱਚਾ ਸਿਹਤ ਕੇਂਦਰ ਬਣਾਉਣ ਦਾ ਐਲਾਨ

ਸ਼੍ਰੀ ਮੁਕਤਸਰ ਸਾਹਿਬ / ਮਲੋਟ:- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਦੂਜੇ ਦਿਨ ਦੀ ਕਾਰਵਾਈ ਕੀਤੀ ਗਈ। ਦੂਜੇ ਦਿਨ ਦੀ ਕਾਰਵਾਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਰਾਜਪਾਲ ਦੇ ਭਾਸ਼ਣ ਦਾ ਜਵਾਬ ਦਿੱਤਾ ਗਿਆ, ਉਥੇ ਹੀ ਪੰਜਾਬ ਨੂੰ ਨਵੀਆਂ ਸਹੂਲਤਾਂ ਦੇਣ ਦਾ ਵੀ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਸਹੂਲਤ ਮੁਹੱਈਆ ਕਰਵਾਉਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ। ਭਾਸ਼ਣ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ 7 ਨਵੇਂ ਜੱਚਾ-ਬੱਚਾ ਸਿਹਤ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਜੱਚਾ ਤੇ ਬੱਚਾ ਦੋਵਾਂ ਦੀ ਦੇਖਭਾਲ ਕਰਨ ਲਈ ਵਚਨਬੱਧ ਹੈ। ਇਸੇ ਲਈ 7 ਨਵੇਂ ਸਿਹਤ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਰਦਾਸਪੁਰ, ਨਾਭਾ, ਰਾਏਕੋਟ, ਪੱਟੀ, ਮੁਕਤਸਰ ਸਾਹਿਬ, ਡੇਰਾ ਬੱਸੀ, ਤਲਵੰਡੀ ਸਾਬੋ ’ਚ ਜੱਚਾ-ਬੱਚਾ ਸਿਹਤ ਕੇਂਦਰਾਂ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ’ਚ ਜੱਚਾ-ਬੱਚਾ ਸਿਹਤ ਕੇਂਦਰ ਨਵੀਆਂ ਸਹੂਲਤਾਂ ਨਾਲ ਸਥਾਪਤ ਕੀਤੇ ਜਾਣਗੇ।