ਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟ ਪੀ.ਜੀ.ਆਈ ਤੋਂ ਤਸਦੀਕ ਕਰਵਾਉਣ ਦਾ ਫੈਂਸਲਾ ਮੰਦਭਾਗਾ- ਕੁਲਵੀਰ ਸਿੰਘ ਮੋਗਾ

ਮਲੋਟ: ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵੀਰ ਸਿੰਘ ਮੋਗਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲੀ ਜਨਵਰੀ ਤੋਂ ਸੂਬੇ ਦੇ ਅੰਗਹੀਣ ਮੁਲਾਜ਼ਮਾਂ ਨੂੰ ਸਫ਼ਰੀ ਭੱਤਾ ਮੁੜ ਚਾਲੂ ਕਰਨ ਦੇ ਐਲਾਨ ਨਾਲ ਜਿੱਥੇ ਸੂਬੇ ਦੇ ਅੰਗਹੀਣ ਮੁਲਾਜ਼ਮਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਨੂੰ ਬਿਨ੍ਹਾਂ ਕਿਸੇ ਨਿੱਜੀ ਕਾਰਨ ਪੀ.ਜੀ.ਆਈ ਤੋਂ ਤਸਦੀਕ ਕਰਵਾਏ ਜਾਣ ਦੀ ਤਜਵੀਜ ਕਾਰਨ ਪਹਿਲਾਂ ਤੋਂ ਹੀ ਕੁਦਰਤੀ ਮਾਰ ਦਾ ਸ਼ਿਕਾਰ ਅੰਗਹੀਣ ਮੁਲਾਜ਼ਮਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪ੍ਰਧਾਨ ਕੁਲਵੀਰ ਸਿੰਘ ਮੋਗਾ ਨੇ ਅੱਗੇ ਕਿਹਾ ਕਿ ਸਰਕਾਰ ਪਹਿਲਾਂ ਤੋਂ ਬਣੇ ਅੰਗਹੀਣ ਸਰਟੀਫਿਕੇਟਾਂ ਨੂੰ ਹੁਣ ਦੁਬਾਰਾ ਪੀ.ਜੀ.ਆਈ ਤੋਂ ਵੈਰੀਫਾਈ ਜੇਕਰ ਕਰਵਾਉਂਦੀ ਹੈ ਤਾਂ ਇਹ ਆਪਣੇ-ਆਪ ਵਿੱਚ ਸਿਵਲ ਸਰਜਨਾਂ ਦੇ ਕੰਮ ਅਤੇ ਇਮਾਨਦਾਰੀ 'ਤੇ ਸਵਾਲੀਆ ਨਿਸ਼ਾਨ ਹੈ, ਜਦਕਿ ਪੂਰੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਇਹ ਫੈਂਸਲਾ ਬਿਨ੍ਹਾਂ ਕਾਰਨ ਥੋਪਣਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਤੋਂ ਵੱਧ ਕੁੱਝ ਨਹੀਂ ਹੈ। ਉਹਨਾਂ ਕਿਹਾ ਕਿ ਇਹ ਮੰਦਭਾਗਾ ਫੈਂਸਲਾ ਤੁਰੰਤ ਵਾਪਿਸ ਲਿਆ ਜਾਵੇ ਅਤੇ ਅੰਗਹੀਣ ਮੁਲਾਜ਼ਮਾਂ ਦਾ ਸਫ਼ਰੀ ਭੱਤਾ ਇਸੇ ਮਹੀਨੇ ਤੋਂ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਬਿਨ੍ਹਾਂ ਲੋੜ ਸੂਬੇ ਦੇ ਸਾਰੇ ਮੁਲਾਜ਼ਮਾਂ ਦੇ ਅੰਗਹੀਣ ਸਰਟੀਫਿਕੇਟਾਂ ਨੂੰ ਪੀ.ਜੀ.ਆਈ ਤੋਂ ਤਸਦੀਕ ਕਰਾਉਣ ਦਾ ਫੈਂਸਲਾ ਵਾਪਿਸ ਨਾ ਲਿਆ ਗਿਆ ਤਾਂ ਸੂਬੇ ਦੇ ਮੁਲਾਜ਼ਮ ਇਸ ਮੁਲਾਜ਼ਮ ਵਿਰੋਧੀ ਫੈਂਸਲੇ ਨੂੰ ਰੱਦ ਕਰਾਉਣ ਦੇ ਲਈ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ। ਇਸ ਮੌਕੇ ਉਹਨਾਂ ਨਾਲ ਜੱਥੇਬੰਦੀ ਦੇ ਮੁੱਖ ਸਲਾਹਕਾਰ ਗੁਲਜ਼ਾਰ ਖਾ, ਜਰਨਲ ਸਕੱਤਰ ਜਸਵਿੰਦਰ ਸਿੰਘ ਅੰਮ੍ਰਿਤਸਰ, ਮਾਲਵਾ ਇੰਚਾਰਜ ਗਗਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਪ੍ਰੈਸ ਸਕੱਤਰ ਰਾਜੇਸ਼ ਰਿਖੀ, ਦਵਿੰਦਰ ਸਿੰਘ ਅਤੇ ਕਈ ਮੁਲਾਜ਼ਮ ਹਾਜ਼ਿਰ ਹੋਏ। Author: Malout Live