ਮਿਆਦ ਖਤਮ ਹੋ ਚੁੱਕੇ ਆਈਲੈਟਸ ਸੈਂਟਰ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟ ਆਪਣੇ ਲਾਇਸੰਸ 28 ਜੁਲਾਈ ਤੱਕ ਕਰਵਾਉਣ ਰੀਨਿਊ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਵਧੀਕ ਜਿਲ੍ਹਾ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਜਿਹਨਾਂ ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟਾਂ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਤਹਿਤ ਜਿਲ੍ਹਾ ਮੈਜਿਸਟਰੇਟ ਦਫਤਰ ਵੱਲੋਂ ਪੰਜ ਸਾਲ ਲਈ ਲਾਇਸੰਸ ਜਾਰੀ ਕੀਤੇ ਗਏ ਸਨ। ਵਧੀਕ ਜਿਲ੍ਹਾ ਮੈਜਿਸਟਰੇਟ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਤੋਂ 2 ਮਹੀਨੇ ਤੋਂ ਪਹਿਲਾਂ-ਪਹਿਲਾਂ ਇਸ ਲਾਇਸੰਸ ਨੂੰ ਨਵੀਨ ਲਈ ਜਿਲ੍ਹਾ ਮੈਜਿਸਟਰੇਟ ਦਫਤਰ ਵਿੱਚ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਜਰੂਰੀ ਹੁੰਦੇ ਹਨ,
ਪਰੰਤੂ ਕੁੱਝ ਆਈਲੈਟਸ, ਕੰਸਲਟੈਂਸੀ ਅਤੇ ਟਿਕਟਿੰਗ ਦਾ ਕੰਮ ਕਰਨ ਵਾਲੇ ਏਜੰਟਾਂ ਵੱਲੋਂ ਲਾਇਸੰਸ ਦੀ ਮਿਆਦ ਗੁਜ਼ਰਨ ਦੇ ਬਾਵਜੂਦ ਵੀ ਨਾ ਤਾਂ ਇਹ ਲਾਇਸੰਸ ਨਵੀਨ ਕਰਨ ਲਈ ਦਰਖਾਸਤ ਦਿੱਤੀ ਹੈ ਅਤੇ ਨਾ ਹੀ ਆਪਣਾ ਲਾਇਸੰਸ ਸਰੰਡਰ ਕੀਤਾ ਹੈ। ਉਹਨਾਂ ਸੰਬੰਧਿਤ ਲਾਇਸੰਸ ਧਾਰਕਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰਦਿਆਂ ਹਦਾਇਤ ਕੀਤੀ ਹੈ ਕਿ ਉਹ ਆਪਣੇ ਲਾਇਸੰਸ 28 ਜੁਲਾਈ 2023 ਤੱਕ ਨਵੀਨ ਕਰਨ ਲਈ ਫਾਈਲ/ਅਰਜੀ ਜਿਲ੍ਹਾ ਮੈਸਿਟਰੇਟ ਦਫਤਰ ਸ਼੍ਰੀ ਮੁਕਸਤਰ ਸਾਹਿਬ ਵਿਖੇ ਜਮ੍ਹਾਂ ਕਰਵਾਉਣ ਜਾਂ ਫਿਰ ਆਪਣਾ ਲਾਇਸੰਸ ਸਰੰਡਰ ਕਰਨ।ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਬੰਧਿਤਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਦੁਬਾਰਾ ਨਵੀਨੀਕਰਨ ਲਈ ਵਿਚਾਰਿਆ ਨਹੀਂ ਜਾਵੇਗਾ। Author: Malout Live