ਮਾਘੀ ਦੀ ਤਿਆਰੀਆਂ ਸਬੰਧੀ ਪਲੇਠੀ ਮੀਟਿੰਗ ਹੋਈ, ਡਿਪਟੀ ਕਮਿਸ਼ਨਰ ਵੱਲੋਂ ਅਗੇਤੇ ਪ੍ਰਬੰਧਾਂ ਦੇ ਹੁਕਮ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੀਆਂ ਅਗੇਤੀਆਂ ਤਿਆਰੀਆਂ ਸਬੰਧੀ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਕ ਕੁਮਾਰ ਆਈ.ਏ.ਐਸ. ਨੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਮਾਘੀ ਸਬੰਧੀ ਸਾਰੇ ਅਗੇਤੇ ਪ੍ਰਬੰਧ ਕਰਨ ਦੇ ਹੁਕਮ ਵਿਭਾਗਾਂ ਨੂੰ ਦਿੱਤੇ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਮਾਘੀ ਦੌਰਾਨ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ 7 ਸੈਕਟਰਾਂ ਵਿਚ ਵੰਡਿਆ ਜਾਵੇਗਾ ਅਤੇ ਹਰੇਕ ਸੈਕਟਰ ਵਿਚ ਇਕ ਸੈਕਟਰ ਅਫ਼ਸਰ, ਡਿਊਟੀ ਮੈਜਿਸਟ੍ਰੇਟ, ਮੈਡੀਕਲ ਟੀਮ, ਪੁਲਿਸ ਟੀਮ ਆਦਿ ਦੀ ਤਾਇਨਾਤੀ ਕੀਤੀ ਜਾਵੇਗੀ। ਉਨਾਂ ਨੇ ਸੈਕਟਰ ਅਫ਼ਸਰਾਂ ਨੂੰ ਕਿਹਾ ਕਿ ਉਹ ਆਪਣੇ ਸੈਕਟਰ ਦਾ ਦੌਰਾ ਕਰਕੇ ਉਥੇ ਹੋਣ ਵਾਲੇ ਕੰਮਾਂ ਦੀ ਸੂਚੀ ਤਿਆਰ ਕਰਕੇ ਉਸੇ ਅਨੁਸਾਰ ਕਾਰਵਾਈ ਕਰਨ। ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚ ਸਫਾਈ ਵਿਵਸਥਾ, ਸਟਰੀਟ ਲਾਈਟਾਂ ਦੀ ਦਰੁਸੱਤੀ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਜਰੂਰੀ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਬਿਨਾਂ ਉਨਾਂ ਨੇ ਮੇਲੇ ਦੌਰਾਨ ਮੈਡੀਕਲ ਟੀਮਾਂ ਤਾਇਨਾਤ ਕਰਨ ਅਤੇ ਭੋਜਨ ਪਦਾਰਥਾਂ ਦੀ ਸੈਪਿਗ ਲਈ ਸਿਹਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਤਰਾਂ ਬਿਜਲੀ ਨਿਗਮ ਨੂੰ ਢਿੱਲੀਆਂ ਤਾਰਾਂ ਠੀਕ ਕਰਨ ਅਤੇ ਸੜਕਾਂ ਨਾਲ ਸਬੰਧ ਮਹਿਕਮਿਆਂ ਨੂੰ ਸੜਕਾਂ ਦੀ ਲੋੜ ਅਨੁਸਾਰ ਮੁਰੰਮਤ ਕਰਨ ਦੇ ਹੁਕਮ ਦਿੱਤੇ ਗਏ। ਇਸੇ ਤਰਾਂ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਡਿਜਟਿਲ ਮਿਉਜੀਅਮ ਅਤੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਮਿਤੀ 19 ਤੋਂ 21 ਜਨਵਰੀ 2020 ਤੱਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਸਮੂਹ ਵਿਭਾਗਾਂ ਨੂੰ ਇਸ ਸਬੰਧੀ ਲੋੜੀਂਦੇ ਇੰਤਜਾਮ ਕਰਨ ਲਈ ਕਿਹਾ।
ਬੈਠਕ ਵਿਚ ਐਸ.ਪੀ. ਸ: ਗੁਰਮੇਲ ਸਿੰਘ ਧਾਲੀਵਾਲ, ਐਸ.ਡੀ.ਐਮ. ਸ੍ਰੀਮਤੀ ਵੀਰਪਾਲ ਕੌਰ, ਸ: ਗੋਪਾਲ ਸਿੰਘ, ਜ਼ਿਲਾ ਮਾਲ ਅਫ਼ਸਰ ਸ: ਅਵਤਾਰ ਸਿੰਘ, ਸਿਵਲ ਸਰਜਨ ਡਾ: ਨਵਦੀਪ ਸਿੰਘ, ਡੀਐਫਐਸਸੀ ਸ੍ਰੀ ਦੀਵਾਨ ਚੰਦ ਆਦਿ ਵੀ ਹਾਜਰ ਸਨ।