ਠੰਡ ਦੌਰਾਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਜ਼ੁਰਗਾਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ- ਡਾ. ਰੰਜੂ ਸਿੰਗਲਾ ਸਿਵਲ ਸਰਜਨ
ਮਲੋਟ: ਸਿਹਤ ਵਿਭਾਗ ਵੱਲੋਂ ਠੰਡ ਦੇ ਮੌਸਮ ਦੌਰਾਨ ਜਿਲ੍ਹਾ ਵਾਸੀਆਂ ਲਈ ਸੁਝਾਅ ਦਿੱਤੇ ਗਏ ਹਨ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਠੰਢ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ ਕਿ ਖੰਘ, ਜ਼ੁਕਾਮ, ਨਮੂਨੀਆ, ਸਰੀਰ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਣਾ ਆਦਿ। ਉਹਨਾਂ ਦੱਸਿਆ ਕਿ ਠੰਡ ਦੌਰਾਨ ਪੂਰੀ ਤਰ੍ਹਾਂ ਸਰੀਰ ਢੱਕ ਦੇ ਗਰਮ ਕੱਪੜੇ ਜਿਵੇਂ ਦਸਤਾਨੇ, ਟੋਪੀ, ਮਫ਼ਲਰ, ਜੁਰਾਬਾਂ ਅਤੇ ਬੂਟ ਪਾਏ ਜਾਣ। ਇਸ ਤੋਂ ਇਲਾਵਾ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਲਈ ਪੌਸ਼ਟਿਕ ਆਹਾਰ ਜਿਵੇਂ ਵਿਟਾਮਿਨ-ਸੀ ਭਰਪੂਰ ਭੋਜਨ ਅਤੇ ਸਬਜ਼ੀਆਂ ਆਦਿ ਦੀ ਵਰਤੋਂ ਜਿਆਦਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਠੰਡ ਦੌਰਾਨ ਕਰੋਨਿਕ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਸਾਹ ਦੀ ਤਕਲੀਫ਼ ਦੇ ਮਰੀਜ਼, ਦਿਲ ਦੀਆਂ ਬਿਮਾਰੀਆਂ ਦੇ ਮਰੀਜ਼, ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਮਾਂਵਾਂ, ਬਜੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਉਹਨਾਂ ਨੂੰ ਅਜਿਹੇ ਵਿੱਚ ਵਧੇਰੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਜੇਕਰ ਸਰੀਰ ਦਾ ਤਾਪਮਾਨ ਘੱਟ ਜਾਵੇ ਅਤੇ ਨਾ ਰੁਕਣ ਵਾਲੀ ਕੰਬਣੀ, ਯਾਦਾਸ਼ਤ ਚਲੇ ਜਾਣਾ, ਬੇਹੋਸ਼ੀ, ਜੁਬਾਨ ਦਾ ਲੜਖੜਾਉਣਾ ਜਾਂ ਫਲੂ, ਸਰਦੀ, ਖੰਘ, ਜ਼ੁਕਾਮ ਆਦਿ ਲੱਛਣ ਦਿਖਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਕਿਹਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਜ਼ੁਰਗਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ, ਬਜ਼ੁਰਗਾਂ ਦੀ ਓ.ਪੀ.ਡੀ ਪਰਚੀ ਪਹਿਲ ਦੇ ਅਧਾਰ ਤੇ ਕੱਟੀ ਜਾਂਦੀ ਹੈ ਅਤੇ ਡਾਕਟਰਾਂ ਵੱਲੋਂ ਵੀ ਬਜ਼ੁਰਗਾਂ ਦਾ ਪਹਿਲ ਦੇ ਆਧਾਰ ਤੇ ਚੈੱਕਅੱਪ ਕਰਕੇ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਜ਼ਰੂਰੀ ਦਵਾਈਆਂ ਅਤੇ ਸਾਜੋ-ਸਮਾਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਜੇਕਰ ਖੰਘ ਜ਼ੁਕਾਮ ਜਾਂ ਗਲਾ ਖਰਾਬ ਅਤੇ ਬੁਖਾਰ ਦੇ ਲੱਛਣ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਤੋਂ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਗਾ ਸਹੀ ਇਲਾਜ ਕੀਤਾ ਜਾ ਸਕੇ। ਇਸ ਸਮੇਂ ਸੁਖਮੰਦਰ ਸਿੰਘ ਬਰਾੜ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਠੰਡ ਦੌਰਾਨ ਗਰਮ ਕੱਪੜੇ ਪਾਓ, ਜਿਨ੍ਹਾਂ ਸੰਭਵ ਹੋ ਸਕੇ ਘਰ ਵਿੱਚ ਹੀ ਰਹੋ, ਯਾਤਰਾ ਤੋਂ ਪ੍ਰਹੇਜ ਕਰੋ, ਆਪਣੇ ਆਪ ਨੂੰ ਸੁੱਕਾ ਰੱਖੋ। ਛਿੱਕਦੇ ਅਤੇ ਖੰਘ ਦੇ ਸਮੇਂ ਮੂੰਹ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਬਿਨ੍ਹਾਂ ਡਾਕਟਰੀ ਜਾਂਚ ਤੋਂ ਦਵਾਈ ਨਹੀਂ ਲੈਣੀ ਚਾਹੀਦੀ। Author: Malout Live