ਬੇਸਹਾਰਾ, ਲਾਵਾਰਿਸ ਪਸ਼ੂਆਂ ਨੂੰ ਇਕੱਠਾ ਕਰਕੇ ਸ਼ਹਿਰ ਦੀ ਹਦੂਦ ਅੰਦਰ ਛੱਡਣ ’ਤੇ ਪੂਰਨ ਤੌਰ ’ਤੇ ਪਾਬੰਦੀ

ਮਲੋਟ: ਸ਼੍ਰੀ ਵਿਨੀਤ ਕੁਮਾਰ, ਆਈ.ਏ.ਐੱਸ, ਜਿਲ੍ਹਾ ਮੈਜਿਸਟ੍ਰੇਟ, ਸ਼੍ਰੀ ਮੁਕਤਸਰ ਸਾਹਿਬਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਬੇਸਹਾਰਾ/ਲਾਵਾਰਿਸ ਪਸ਼ੂਆਂ ਨੂੰ ਇਕੱਠਾ ਕਰਕੇ ਹੋਰ ਕਸਬਿਆਂ/ਸ਼ਹਿਰਾਂ ਦੀ ਹਦੂਦ ਅੰਦਰ ਛੱਡਣ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਇਸ ਹੁਕਮ ਅਨੁਸਾਰ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ/ਕਸਬਿਆਂ ਵਿੱਚੋਂ ਲੋਕਾਂ ਵੱਲੋਂ ਬੇਸਹਾਰਾ/ਲਾਵਾਰਿਸ ਪਸ਼ੂਆਂ ਨੂੰ ਇਕੱਠਾ ਕਰਕੇ ਸ਼ਹਿਰਾਂ ਦੀ ਹਦੂਦ ਦੇ ਅੰਦਰ ਛੱਡ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਇਹ ਅਵਾਰਾ ਪਸ਼ੂ ਜਿੱਥੇ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ,

ਉੱਥੇ ਗਲੀਆਂ/ਸੜਕਾਂ ਵਿੱਚ ਇਹਨਾਂ ਵੱਲੋਂ ਪੈਦਾ ਕੀਤੀ ਜਾਂਦੀ ਗੰਦਗੀ ਆਮ ਲੋਕਾਂ, ਖਾਸ ਕਰਕੇ ਬੱਚਿਆਂ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਪੰਜਾਬ ਸਰਕਾਰ ਵੱਲੋਂ ਬਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਗਊਸ਼ਾਲਾਵਾਂ ਚਲਾਈਆਂ ਗਈਆਂ ਹਨ। ਇਸ ਦੇ ਤਹਿਤ ਇਸ ਜ਼ਿਲ੍ਹੇ ਅੰਦਰ ਵੀ ਪਿੰਡ ਰੱਤਾ ਟਿੱਬਾ, ਤਹਿਸੀਲ ਮਲੋਟ ਵਿਖੇ ਬੇਸਹਾਰਾਂ ਪਸ਼ੂਆਂ ਨੂੰ ਸੰਭਾਲਣ ਲਈ ਗਊਸ਼ਾਲਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਵਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਵਿਖੇ ਹੀ ਛੱਡਣ, ਜੇਕਰ ਕੋਈ ਬੇਸਹਾਰਾ/ਲਾਵਾਰਿਸ ਪਸ਼ੂਆਂ ਨੂੰ ਕਸਬਿਆਂ ਜਾਂ ਸ਼ਹਿਰਾਂ ਵਿੱਚ ਛੱਡਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। Author: Malout Live