ਖੇਡਾਂ ਵਤਨ ਪੰਜਾਬ ਦੀਆਂ` ਸੀਜ਼ਨ-2 ਦੀ ਮਸ਼ਾਲ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ ਤੇ ਖੇਡ ਪ੍ਰੇਮੀਆਂ ਨੇ ਮਸ਼ਾਲ ਮਾਰਚ ਦਾ ਕੀਤਾ ਸਵਾਗਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਸੀਜ਼ਨ-2 ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ। ਇਹ ਮਸ਼ਾਲ ਮਾਰਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆ ਤੋਂ ਹੁੰਦੀ ਹੋਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੁੱਜੀ।  ਫਾਜਿਲਕਾ ਜਿਲ੍ਹੇ ਦੇ ਪਿੰਡ ਲੱਧੂਵਾਲਾ ਤੋਂ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਦਾਖਲ ਹੋਣ ਤੇ ਸ਼੍ਰੀਮਤੀ ਅਨਿੰਦਰਵੀਰ ਕੌਰ ਜਿਲ੍ਹਾ ਖੇਡ ਅਫਸਰ ਅਤੇ ਡੀ.ਐੱਸ.ਪੀ. ਸਤਨਾਮ ਸਿੰਘ ਵਿਰਕ ਨੇ ਇਸ ਮਸ਼ਾਲ ਨੂੰ ਪ੍ਰਾਪਤ ਕੀਤਾ। ਇਹ ਮਸ਼ਾਲ ਮਾਰਚ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚੋਂ ਹੁੰਦਾ ਹੋਇਆ, ਜਿਲ੍ਹਾ ਰੈਡ ਕਰਾਸ ਭਵਨ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਅੰਤਰਰਾਸ਼ਟਰੀ ਖੇਡ ਦਿਵਸ ਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਵਲੋਂ ਹਾਕੀ ਦੀ ਖੇਡ ਵਿੱਚ ਪਾਇਆ ਆਪਣਾ ਵੱਡਮੁੱਲੇ ਯੋਗਦਾਨ ਸੰਬੰਧੀ ਵੀ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਇਸ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਸ. ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ

‘ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਖੇਡਾਂ ਵਤਨ ਪੰਜਾਬ ਦੀਆਂ` ਸੀਜ਼ਨ-2 ਕਰਵਾਈਆਂ ਜਾ ਰਹੀਆਂ ਹਨ, ਜਿਹਨਾਂ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਨਸਿ਼ਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਬਚ ਕੇ ਆਪਣੇ ਆਪ ਨੂੰ ਖੇਡਾਂ ਨਾਲ ਜੋੜਣਗੇ ਅਤੇ ਨਰੋਏ ਸਮਾਜ ਦੀ ਸਿਰਜਨਾ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਨਸ਼ੇ ਤੋਂ ਬਚਾਉਣ ਲਈ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜੋੜਿਆ ਜਾ ਰਿਹਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਸ੍ਰੀ ਜਸ਼ਨ ਬਰਾੜ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਸ਼੍ਰੀ ਰਾਜੀਵ ਛਾਬੜਾ ਜਿਲ੍ਹਾ ਸਿੱਖਿਆ ਅਫਸਰ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਸਾਬਕਾ ਡਿਪਟੀ ਡੀ.ਈ.ਓ ਸ਼ਮਸ਼ੇਰ ਸਿੰਘ, ਹਾਕੀ ਕੋਚ ਸਤਪਾਲ ਸਿੰਘ ਮਾਨ, ਸ ਤੋਂ ਇਲਾਵਾ ਖੇਡ ਕੋਚ, ਖੇਡ ਪ੍ਰੇਮੀ ਅਤੇ ਪਤਵੱਤੇ ਵਿਅਕਤੀ ਮੌਜੂਦ ਸਨ। ਇਸ ਮੌਕੇ ਤੇ ਹਲਕਾ ਵਿਧਾਇਕ ਸ.ਜਗਦੀਪ ਸਿੰਘ ਕਾਕਾ ਬਰਾੜ, ਐੱਸ.ਐੱਸ.ਪੀ ਅਤੇ ਖੇਡ ਪ੍ਰੇਮੀਆਂ ਵਲੋਂ ਖੇਡਾਂ ਵਤਨ ਪੰਜਾਬ-2 ਨਾਲ ਸੰਬੰਧਿਤ ਮਸ਼ਾਲ ਮਾਰਚ ਪੂਰੇ ਸ਼ਾਨੋ ਸ਼ੋਕਤ ਨਾਲ ਪੰਜਾਬ ਪੁਲਿਸ ਦੀ ਮੁਧਰ ਧੁੰਨ ਨਾਲ  ਅਗਲੇ ਪੜਾਅ ਬਠਿੰਡਾ ਲਈ ਰਵਾਨਾ ਕੀਤਾ। Author: Malout Live