ਮਲੋਟ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਮਲੋਟ ਵਿਖੇ ਮੈਡੀਕਲ ਕਾਲਜ ਖੋਲ੍ਹਣ ਦੀ ਕੀਤੀ ਮੰਗ

ਮਲੋਟ: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਮਲੋਟ ਵਿਕਾਸ ਮੰਚ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਸਮਾਜ ਸੇਵੀਆਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਉਹਨਾਂ ਕਿਹਾ ਕਿ ਇਸ ਇਲਾਕੇ 'ਚ ਮੈਡੀਕਲ ਕਾਲਜ ਦੀ ਮੁੱਖ ਲੋੜ ਹੈ। ਡਾ. ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਫੈਂਸਲਾ ਲਿਆ ਗਿਆ ਹੈ ਕਿ ਹਰੇਕ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇਗਾ, ਜਿਸ ਨਾਲ ਬੱਚੇ ਇੱਥੇ ਹੀ ਡਾਕਟਰ ਬਣਨਗੇ ਅਤੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਡਾ. ਗਿੱਲ ਨੇ ਕਿਹਾ ਕਿ ਪਹਿਲਾਂ ਛਾਪਿਆਂਵਾਲੀ ਇੰਜੀਨੀਅਰਿੰਗ ਕਾਲਜ ਸੀ, ਪਰ ਉਹ ਵੀ ਹੁਣ ਬੰਦ ਪਿਆ ਹੈ।

ਡਾ. ਗਿੱਲ ਨੇ ਕਿਹਾ ਕਿ ਮਲੋਟ ਜ਼ਿਲ੍ਹਾ ਬਣਨਾ ਚਾਹੀਦਾ ਹੈ। ਹੁਣ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੋ ਹਲਕਾ ਵਿਧਾਇਕ ਵੀ ਹਨ, ਜੋ ਹਮੇਸ਼ਾ ਹੀ ਸਿਹਤ ਅਤੇ ਪੜ੍ਹਾਈ ਬਾਰੇ ਚਿੰਤਤ ਰਹਿੰਦੇ ਹਨ। ਉਹਨਾਂ ਕਿਹਾ ਕਿ ਮਲੋਟ ਦੀ ਬਦਕਿਸਮਤੀ ਹੈ ਕਿ ਇੱਥੇ ਆਪਣਾ ਸਰਕਾਰੀ ਬੱਸ ਅੱਡਾ ਵੀ ਨਹੀਂ ਹੈ। ਡਾ.ਗਿੱਲ ਤੋਂ ਇਲਾਵਾ ਪ੍ਰਧਾਨ ਕਾਬਲ ਸਿੰਘ, ਜਰਨੈਲ ਸਿੰਘ ਢਿੱਲੋਂ ਐੱਨ.ਆਰ.ਆਈ, ਚਰਨਜੀਤ ਸਿੰਘ ਖ਼ਾਲਸਾ, ਲਖਵਿੰਦਰ ਸਿੰਘ ਵਕੀਲ, ਮਾ. ਹਰਜਿੰਦਰ ਸਿੰਘ, ਡਾ. ਸੁਖਵੰਤ ਸਿੰਘ,ਗੁਰਦੇਵ ਸਿੰਘ, ਹਰਸ਼ਰਨ ਸਿੰਘ, ਗੁਰਚਰਨ ਸਿੰਘ, ਮਾ. ਹਿੰਮਤ ਸਿੰਘ, ਦੇਸ ਰਾਜ ਸਿੰਘ ਅਤੇ ਗੁਰਚਰਨ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਤੋਂ ਮੰਗ ਕੀਤੀ ਕਿ ਲੋਕ ਹਿੱਤ ਮਲੋਟ 'ਚ ਮੈਡੀਕਲ ਕਾਲਜ ਅਤੇ ਬੱਸ ਅੱਡਾ ਬਣਾਇਆ ਜਾਵੇ। Author: Malout Live