ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਡਿਪਟੀ ਸਪੀਕਰ ਨੇ ਕੀਤੀ ਪ੍ਰਧਾਨਗੀ -100 ਪ੍ਰਤੀਸ਼ਤ ਟੀਕਾਕਰਨ ਕਰਨ ਵਾਲੇ ਪਿੰਡਾਂ/ਵਾਰਡਾਂ ਨੂੰ ਡਿਸ਼ਕਰੀਸ਼ਨਰੀ ਫੰਡ ਚੋਂ ਮਿਲਣਗੇ 5 ਲੱਖ ਰੁਪਏ - ਅਜਾਇਬ ਸਿੰਘ ਭੱਟੀ
ਸ਼੍ਰੀ ਮੁਕਤਸਰ ਸਾਹਿਬ : ਅੱਜ ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਮਾਧਿਅਮ ਰਾਹੀਂ ਪੰਜਾਬ ਪੁਲਿਸ ਵਲੋਂ ਨਸ਼ੇ ਦੀ ਦਲਦਲ ਵਿਚ ਫਸੇ ਨੋਜਵਾਨਾਂ ਨੂੰ ਬਾਹਰ ਕੱਢਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਆਪਾ ਸਾਰਿਆਂ ਨੂੰ ਇਕ ਜੁੱਟ ਹੋ ਕੇ ਇਸ ਨਾਮੁਰਾਦ ਸਮਾਜਿਕ ਕੁਰੀਤੀ ਦੇ ਖਿਲਾਫ ਲੜਨਾ ਪਵੇਗਾ। ਜ਼ਿਲਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਹਰ ਕਿਸਮ ਦੇ ਨਸ਼ੇ ਨੂੰ ਖਤਮ ਕਰਨ ਵਿੱਚ ਵੱਢਮੁੱਲਾ ਯੋਗਦਾਨ ਪਾਇਆ ਹੈ। ਉਨਾਂ ਕਿਹਾ ਭਾਵੇਂ ਕਿ ਇਸ ਖੇਤਰ ਵਿਚ ਹੋਰ ਵੀ ਕੰਮ ਕਰਨ ਦੀ ਲੋੜ ਹੈ ਪਰੰਤੂ ਪੰਜਾਬ ਪੁਲਿਸ ਨੇ ਸੂਬੇ ਵਿਚ ਨਸ਼ੇ ਦਾ ਕਾਰੋਬਾਰ ਕਰ ਰਹੇ ਵੱਡੇ ਮਗਰਮੱਛਾ ਨੂੰ ਨੱਥ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ ਜਿਸ ਨਾਲ ਨਸ਼ੇ ਦੇ ਕਾਰੋਬਾਰ ਨੂੰ ਢਾਅ ਲੱਗੀ ਹੈ। ਉਨਾਂ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸ਼ਾਂ ਕੀਤੀ ਅਤੇ ਕਿਹਾ ਕਿ ਨਸ਼ੇ ਦੇ ਮੁਕੰਮਲ ਖਾਤਮੇ ਲਈ ਜਨਤਾ ਨੂੰ ਵੀ ਸਰਕਾਰ ਦੇ ਨਾਲ ਰਲ ਕੇ ਇਸ ਅਲਾਹਮਤ ਨੂੰ ਜੜੋਂ ਪੁੱਟਣ ਲਈ ਅੱਗੇ ਆਉਣਾ ਪਵੇਗਾ।
ਅੰਤ ਵਿੱਚ ਕਰੋਨਾ ਮਹਾਂਮਾਰੀ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਿਪਟੀ ਸਪੀਕਰ ਨੇ ਕਿਹਾ ਕਿ ਇਸ ਬਿਮਾਰੀ ਨੂੰ ਹਲਕੇ ਵਿਚ ਨਾ ਲਿਆ ਜਾਵੇ। ਉਨਾਂ ਕਿਹਾ ਸੰਭਾਅਵੀ ਤੀਸਰੀ ਲਹਿਰ ਦੀ ਦਸਤਕ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਟੀਕਾਕਰਨ ਨੂੰ ਯਕੀਨੀ ਬਨਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਪਿੰਡਾਂ/ਵਾਰਡਾਂ ਦੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਉਨਾਂ ਐਲਾਨ ਕੀਤਾ ਕਿ ਜੋ ਪਿੰਡ ਆਉਣ ਵਾਲੇ ਸੱਤ ਦਿਨਾ ਵਿਚ (2 ਜੁਲਾਈ ਤੱਕ) 100 ਪ੍ਰਤੀਸ਼ਤ ਟੀਕਾਕਰਨ ਦਾ ਟੀਚਾ ਪ੍ਰਾਪਤ ਕਰ ਲਵੇਗਾ ਉਸ ਪਿੰਡ ਨੂੰ 5 ਲੱਖ ਰੁਪਏ ਦਿਤੇ ਜਾਣਗੇ।