ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖੋਲ੍ਹਿਆ ਗਿਆ ਮੁਫ਼ਤ ਸਿਲਾਈ ਸਿਖਲਾਈ ਸੈਂਟਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਪ੍ਰੋ. ਡਾਕਟਰ ਐੱਸ.ਪੀ ਸਿੰਘ ਓਬਰਾਏ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਫ਼ਤ ਸਿਲਾਈ, ਬਿਊਟੀ ਪਾਰਲਰ ਅਤੇ ਕੰਪਿਊਟਰ ਸੈਂਟਰ ਆਦਿ ਖੋਲ੍ਹ ਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ ਤਾਂ ਜੋ ਲੜਕੀਆਂ ਸਿਖਲਾਈ ਪ੍ਰਾਪਤ ਕਰਕੇ ਆਪਣੇ ਪਰਿਵਾਰਾਂ ਦੀ ਆਮਦਨ ਦਾ ਜ਼ਰੀਆ ਬਣ ਸਕਣ। ਇਸ ਦੌਰਾਨ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਅਤੇ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਬੋਹਰ ਰੋਡ, ਗਲੀ ਨੰਬਰ 11, ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਸਿਲਾਈ ਸਿਖਲਾਈ ਸੈਂਟਰ ਖੋਲ੍ਹਿਆ ਗਿਆ।

ਜਿਸ ਵਿੱਚ ਤਕਰੀਬਨ 40 ਦੇ ਕਰੀਬ ਸਿਖਿਆਰਥੀ ਮੁਫ਼ਤ ਸਿਲਾਈ ਦੀ ਸਿਖਲਾਈ ਲੈ ਰਹੇ ਹਨ। ਇਸ ਸੈਂਟਰ ਦਾ ਉਦਘਾਟਨ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਅਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਓਬਰਾਏ ਵੱਲੋਂ ਅਜਿਹੇ ਸੈਂਟਰ ਪੰਜਾਬ, ਹਰਿਆਣਾ, ਹਿਮਾਚਲ, ਮਹਾਰਾਸ਼ਟਰ ਰਾਜਾ ਵਿੱਚ ਵੀ ਖੋਲ੍ਹੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਲੜਕੀਆਂ ਆਤਮ ਨਿਰਭਰ ਹੋ ਸਕਣ। ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਬਰਾੜ, ਮਾਸਟਰ ਰਾਜਿੰਦਰ ਸਿੰਘ, ਸੋਮ ਨਾਥ, ਬਲਜੀਤ ਸਿੰਘ ਮਾਨ, ਅਸ਼ੋਕ ਕੁਮਾਰ, ਮੈਡਮ ਕਰਮਜੀਤ ਕੌਰ ਬਰਾੜ ਅਤੇ ਸਿਲਾਈ ਅਧਿਆਪਕ ਵੀਰਪਾਲ ਕੌਰ ਸ਼ਾਮਿਲ ਹੋਏ। Author: Malout Live