ਪੰਜਾਬ ਸਰਕਾਰ ਨੇ ਲੋਕਾਂ ਨੂੰ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਆਨਲਾਈਨ ਮੁਹੱਈਆ ਕਰਵਾਉਣ ਲਈ ਇੱਕ ‘ਐਪ’ ਕੀਤੀ ਲਾਂਚ
ਮਲੋਟ (ਪੰਜਾਬ): ਹੁਣ ਕੋਈ ਵੀ ਵਿਅਕਤੀ ਮੋਬਾਇਲ ਐਪ ਨਾਲ ਇੱਕ ਕਲਿੱਕ ਰਾਹੀਂ ਵਾਹਨ ਦਾ ਫਿਟਨੈੱਸ ਸਰਟੀਫਿਕੇਟ ਘਰਾਂ ’ਚ ਹੀ ਪਾ ਸਕੇਗਾ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਤੇ ਐੱਨ.ਆਈ.ਸੀ ਵੱਲੋਂ ਲੋਕਾਂ ਨੂੰ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਆਨਲਾਈਨ ਮੁਹੱਈਆ ਕਰਵਾਉਣ ਲਈ ਇੱਕ ‘ਐਪ’ ਲਾਂਚ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ‘ਐਪ’ ਨਾਲ ਲੋਕਾਂ ਨੂੰ ਮੋਬਾਇਲ ਦੀ ਇੱਕ ਕਲਿੱਕ ਰਾਹੀਂ ਫਿਟਨੈੱਸ ਸਰਟੀਫਿਕੇਟ ਉਨ੍ਹਾਂ ਦੇ ਘਰਾਂ ’ਚ ਹੀ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਲੋਕਪੱਖੀ ਪਹਿਲਕਦਮੀ ਦਾ ਉਦੇਸ਼ ਲੋਕਾਂ ਨੂੰ ਅਸੁਵਿਧਾ ਤੋਂ ਬਚਾਉਣਾ ਤੇ ਫਿਟਨੈੱਸ ਸਰਟੀਫਿਕੇਟ ਦੀ ਨਿਰਵਿਘਨ ਤੇ ਮੁਸ਼ਕਿਲ ਰਹਿਤ ਡਿਲਿਵਰੀ ਯਕੀਨੀ ਬਣਾਉਣਾ ਹੈ। ਇਸ ਐਪ ਰਾਹੀਂ ਲੋਕ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਫੀਸ ਆਨਲਾਈਨ ਅਦਾ ਕਰ ਸਕਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਬਿਨੈਕਾਰ ਵੱਲੋਂ ਦਸਤਾਵੇਜ਼ ਨੂੰ ਵਾਹਨ ਮੌਡਿਊਲ ’ਤੇ ਅਪਲੋਡ ਕੀਤਾ ਜਾਵੇਗਾ। ਇਸ ਮਗਰੋਂ ਆਰ.ਟੀ.ਓ ਸਟਾਫ਼ ਵੱਲੋਂ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਤੇ ਵਾਹਨਾਂ ਦੀ ਜਾਂਚ ਐਮ.ਵੀ.ਆਈ ਵੱਲੋਂ ਆਨਲਾਈਨ ਕੀਤੀ ਜਾਵੇਗੀ। ਸੀ.ਐਮ ਮਾਨ ਨੇ ਕਿਹਾ ਕਿ ਇਹ ਐਪ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਤੇ ਐਨ.ਆਈ.ਸੀ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਹੈ। Author: Malout Live