ਪਾੜ ਪੈਣ ਉਪਰੰਤ ਡੀ ਸੀ ਨੇ ਦੂਸਰੀ ਵਾਰ ਲਿਆ ਸਰਹਿੰਦ ਫੀਡਰ ਨਹਿਰ ਦਾ ਜਾਇਜਾ ਮੰਗਲਵਾਰ ਨੂੰ ਛੱਡਿਆ ਜਾਵੇਗਾ ਨਹਿਰ ਵਿਚ ਪਾਣੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸਰਹਿੰਦ ਫੀਡਰ ਨਹਿਰ ਵਿਚ ਪਾੜ ਪੈਣ ਤੋਂ ਕੁੱਝ ਦਿਨਾਂ ਬਾਅਦ ਅੱਜ ਦੂਸਰੀ ਵਾਰ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਮੌਕੇ ਦਾ ਜਾਇਜਾ ਲਿਆ, ਚੱਲ ਰਹੇ ਕੰਮ ਤੇ ਤਸੱਲੀ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਇਸ ਪਾੜ ਦੀ ਮੁਰੰਮਤ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਗਿਆ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਬਾਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 24 ਮਈ ਨੂੰ ਇਸ ਨਹਿਰ ਵਿਚ ਪਾਣੀ ਛੱਡ ਦਿਤਾ ਜਾਵੇਗਾ। ਉਹਨਾ ਦੱਸਿਆ ਕਿ ਪਾਣੀ ਛੱਡਣ ਨਾਲ ਮੁਕਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਪਾਣੀ ਦੀ ਕਿਲਤ ਨੂੰ ਪੂਰਾ ਕਰ ਦਿਤਾ ਜਾਵੇਗਾ। ਜਿਕਰਯੋਗ ਹੈ ਕਿ ਤਕਰੀਬਨ 13 ਕੁ ਦਿਨ ਪਹਿਲਾਂ ਨਾਲ ਦੀ ਰਾਜਸਥਾਨ ਫੀਡਰ ਨਹਿਰ ਵਿਚ ਸਫਾਈ ਕਾਰਣ ਬੰਦੀ ਹੋਣ ਦੇ ਚਲਦਿਆਂ ਸਰਹਿੰਦ ਫੀਡਰ ਵਿਚ ਪਾਣੀ ਛੱਡ ਦਿਤਾ ਗਿਆ ਸੀ,
ਜਿਸ ਕਾਰਨ ਵਾਧੂ ਪਾਣੀ ਦਾ ਬੋਝ ਨਾ ਸਹਾਰਦਿਆਂ ਇਸ ਨਹਿਰ ਵਿਚ ਪਾੜ ਪੈ ਗਿਆ ਸੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀ (ਪਾੜ ਵਰਗੀ) ਕਿਸੇ ਵੀ ਪ੍ਰਕਾਰ ਦੀ ਸਥਿਤੀ ਉਤਪੰਨ ਨਾ ਹੋਵੇ ਇਸ ਲਈ ਢੁਕਵੇਂ ਕਦਮ ਚੁਕੇ ਜਾਣ। ਉਹਨਾ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੋ ਕੰਮ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਇਸ ਨਹਿਰ ਦੇ ਸੂਚਾਰੂ ਢੰਗ ਨਾਲ ਪਾਣੀ ਦੇ ਵਹਾਅ ਲਈ ਜਰੂਰੀ ਹਨ, ਤਾਂ ਤੁਰੰਤ ਉੁਹਨਾਂ ਦੇ ਧਿਆਨ ਵਿਚ ਲਿਆਂਦੇਂ ਜਾਣ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਨਹਿਰ ਵਿਚ ਕਿਸੇ ਵੀ ਕਿਸਮ ਦੇ ਸੰਭਾਵਿਤ ਪਾੜ ਦੀ ਨਜ਼ਰਸਾਨੀ ਸੂਨਿਸ਼ਚਿਤ ਕੀਤੀ ਜਾਵੇੇ, ਤਾਂ ਜੋਂ ਹੋਣ ਵਾਲੇ ਨੁਕਸਾਨ ਤੋਂ ਪਹਿਲਾਂ ਹੀ ਬਚਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਨਹਿਰ ਵਿਚ ਪਾੜ ਤੋਂ ਬਚਣ ਲਈ ਕਿਸੇ ਵੀ ਵੇਲੇ ਉਹਨਾ ਦੀ ਨਿਜੀ ਦਖਲ ਅੰਦਾਜੀ ਦੀ ਵੀ ਜਰੂਰਤ ਪੈਂਦੀ ਹੈ ਤਾਂ, ਬਿਨਾ ਕਿਸੇ ਡਰ, ਸੰਕੋਚ ਅਤੇ ਸਮੇਂ ਨੂੰ ਨਾ ਵਿਚਾਰਦਿਆਂ ਉਹਨਾਂ ਨਾਲ ਸਿਧਾ ਰਾਬਤਾ ਕਾਇਮ ਕੀਤਾ ਜਾਵੇ। Author : Malout Live