ਮੀਟਿੰਗ ਵਿੱਚ ਨਹੀ ਦਿਖਾਈ ਦਿੱਤੇ ਨਵਜੋਤ ਸਿੰਘ ਸਿੱਧੂ ਚੋਣ ਨਤੀਜਿਆਂ ਤੋਂ ਪਹਿਲਾਂ ਕੀਤਾ ਕਿਨਾਰਾ
ਮਲੋਟ:- ਕਾਂਗਰਸ ਵੱਲੋਂ ਭਾਵੇਂ ਹੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ ਪਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਪਾਰਟੀ ਨੇ ਸਿੱਧੂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸੰਕੇਤ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਦੇਖਣ ਨੂੰ ਮਿਲੇ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ ,
ਪਰਗਟ ਸਿੰਘ ਤੋਂ ਇਲਾਵਾ ਕੈਪਟਨ ਸੰਦੀਪ ਸੰਧੂ ਅਤੇ ਕੁਲਬੀਰ ਜੀਰਾ ਮੌਜੂਦ ਸਨ। ਮੀਟਿੰਗ 'ਚ ਚੋਣ ਨਤੀਜਿਆਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਸੀ ਪਰ ਕਾਂਗਰਸ ਪ੍ਰਧਾਨ ਦੇ ਰੂਪ 'ਚ ਸਿੱਧੂ ਨੂੰ ਸ਼ਾਮਿਲ ਨਾ ਕਰਨ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸਿਆ ਜਾਂਦਾ ਹੈ ਕਿ ਨਵਜੋਤ ਸਿੱਧੂ ਵੱਲੋਂ ਕਾਂਗਰਸ ਸੀ.ਐੱਮ ਦੇ ਖ਼ਿਲਾਫ਼ ਜੋ ਗੱਲਾਂ ਕਹੀਆਂ ਜਾ ਰਹੀਆਂ ਸਨ, ਉਸ ਨੂੰ ਚੁਣਾਵੀ ਮੌਸਮ ਦੌਰਾਨ ਤਾਂ ਪਾਰਟੀ ਨੇ ਬਰਦਾਸ਼ਤ ਕਰ ਲਿਆ ਸੀ ਪਰ ਇਸ ਦੇ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਹੁਣ ਹਾਈਕਮਾਨ ਕਾਫ਼ੀ ਨਾਰਾਜ਼ ਚੱਲ ਰਹੀ ਹੈ।