ਮੁੱਖ ਮੰਤਰੀ ਭਗਵੰਤ ਮਾਨ 'ਪੰਜਾਬ ਦਿਵਸ' ਮੌਕੇ ਉੱਘੇ ਲੇਖਕਾਂ ਨੂੰ ਕਰਨਗੇ ਸਨਮਾਨਿਤ

ਮਲੋਟ (ਪੰਜਾਬ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦਿਵਸ ਮੌਕੇ ਉੱਘੇ ਲੇਖਕਾਂ ਦਾ ਸਨਮਾਨ ਕੀਤਾ ਜਾਵੇਗਾ। ਪੰਜਾਬ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਭਗਵੰਤ ਮਾਨ ਸਰਵੋਤਮ ਸਾਹਿਤਕ ਪੁਸਤਕਾਂ-2018 ਅਤੇ 2019 ਦੇ ਲੇਖਕਾਂ ਦਾ ਸਨਮਾਨ ਕਰਨਗੇ। ਇਸ ਸਮਾਗਮ ਵਿੱਚ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ 2018 ਵਿੱਚ ਛਪੀਆਂ ਪੁਸਤਕਾਂ ਲਈ ਸਤਪਾਲ ਭੀਖੀ, ਰਾਮ ਮੂਰਤ ਸਿੰਘ, ਗੁਰਮੁਖ ਸਿੰਘ, ਖੋਜੀ ਕਾਫ਼ਰ, ਸੰਤਵੀਰ, ਸੁਲੱਖਣ ਸਰਹੱਦੀ, ਰਾਕੇਸ਼ ਕੁਮਾਰ, ਰਾਜਿੰਦਰ ਸਿੰਘ, ਜਗਜੀਤ ਸਿੰਘ ਲੱਡਾ ਅਤੇ 2019 ਵਿੱਚ ਛਾਪੀਆਂ ਪੁਸਤਕਾਂ ਲਈ ਸੁਲੱਖਣ ਸਰਹੱਦੀ, ਡਾ. ਓਮ ਪ੍ਰਕਾਸ਼ ਵਸ਼ਿਸ਼ਟ, ਪ੍ਰੀਤ ਮਹਿੰਦਰ ਸਿੰਘ, ਡਾ. ਧਨਵੰਤ ਕੌਰ, ਪਵਿੱਤਰ ਕੌਰ ਮਾਟੀ, ਡਾ. ਗੁਰਮਿੰਦਰ ਸਿੱਧੂ, ਸੁਖਦੇਵ ਸਿੰਘ, ਸੁਖਮਿੰਦਰ ਸਿੰਘ ਅਤੇ ਡਾ. ਸੁਦਰਸ਼ਨ ਗਾਸੋ ਦਾ ਸਨਮਾਨ ਕੀਤਾ ਜਾਵੇਗਾ। ਭਾਸ਼ਾ ਵਿਭਾਗ ਦੀ ਸੰਯੁਕਤ ਡਾਇਰੈਕਟਰ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਸਮਾਗਮ ਲਈ 500 ਡੈਲੀਗੇਟਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। Author: Malout Live