ਅੱਜ ਤੋਂ ਸ਼ੁਰੂ ਹੋਵੇਗੀ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ
,
ਮਲੋਟ(ਪੰਜਾਬ):- ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਦੋ ਰਾਜ ਸਭਾ ਮੈਂਬਰਾਂ ਦੀ ਚੋਣ ਦੇ ਮੱਦੇਨਜ਼ਰ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਉਮੀਦਵਾਰ 31 ਮਈ 2022 ਤੱਕ ਨਾਮਜ਼ਦਗੀਆਂ ਭਰ ਸਕਦੇ ਹਨ। ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ ਕਰੁਣਾ ਰਾਜੂ ਨੇ ਦਿੱਤੀ। ਪੰਜਾਬ ਰਾਜ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਬਲਵਿੰਦਰ ਸਿੰਘ ਭੂੰਦੜ ਦੇ ਅਹੁਦੇ ਦੀ ਮਿਆਦ 4 ਜੁਲਾਈ ਨੂੰ ਖ਼ਤਮ ਹੋ ਰਹੀ ਹੈ। ਚੋਣ ਕਮਿਸ਼ਨ ਵੱਲੋਂ ਇਸ ਚੋਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 1 ਜੂਨ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰੀ 3 ਜੂਨ ਤੱਕ ਵਾਪਿਸ ਲਈ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ 10 ਜੂਨ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਵੀ ਇਸੇ ਦਿਨ ਸ਼ਾਮ 5:00 ਵਜੇ ਹੋਵੇਗੀ। ਉਨਾਂ ਕਿਹਾ ਕਿ ਚੋਣਾਂ ਪ੍ਰਕਿਰਿਆ 13 ਜੂਨ ਤੱਕ ਮੁਕੰਮਲ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਨਾਮਜ਼ਦਗੀ ਪੱਤਰ ਫਾਰਮ 2-ਸੀ ਵਿੱਚ ਦਾਖਿਲ ਕੀਤੇ ਜਾਣੇ ਹਨ ਅਤੇ ਇਸ ਸੰਬੰਧੀ ਖਾਲੀ ਫਾਰਮ ਸਕੱਤਰ ਪੰਜਾਬ ਵਿਧਾਨ ਸਭਾ ਕੋਲ ਉਪਲੱਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ, ਬਸ਼ਰਤੇ ਕਿ ਫਾਰਮ ਨਿਰਧਾਰਿਤ ਫਾਰਮੈਟ ਵਿੱਚ ਟਾਈਪ ਕੀਤਾ ਹੋਵੇ। ਰਾਜਾਂ ਦੀ ਕੌਂਸਲ ਦੇ ਮੈਂਬਰਾਂ ਲਈ ਯੋਗਤਾ ਪੂਰੀ ਕਰਨ ਲਈ ਉਮੀਦਵਾਰ ਦਾ ਭਾਰਤ ‘ਚ ਕਿਸੇ ਵੀ ਸੰਸਦੀ ਹਲਕੇ ਤੋਂ ਇੱਕ ਵੋਟਰ ਵਜੋਂ ਰਜਿਸਟਰਡ ਹੋਣਾ ਜ਼ਰੂਰੀ ਹੈ। Author : Malout Live