92 ਦੀ ਉਮਰ ‘ਚ ਸ਼੍ਰੀਰਾਮ ਲਾਗੂ ਦਾ ਹੋਇਆ ਦਿਹਾਂਤ
ਮਰਾਠੀ ਅਤੇ ਹਿੰਦੀ ਸਿਨੇਮਾ ਅਤੇ ਰੰਗ ਮੰਚ ਦੇ ਮੰਨੇ-ਪ੍ਰਮੰਨੇ ਕਲਾਕਾਰ ਡਾ. ਸ਼੍ਰੀਰਾਮ ਲਾਗੂ ਨਹੀਂ ਰਹੇ। ਮੰਗਲਵਾਰ ਨੂੰ 92 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪੁਣੇ ਦੇ ਨਿੱਜੀ ਹਸਪਤਾਲ ਵਿੱਚ ਅੰਤਮ ਸਾਹ ਲਏ। ਉਹ ਕੁੱਝ ਦਿਨਾਂ ਤੋਂ ਬੀਮਾਰ ਸਨ। ਦੋ ਦਿਨਾਂ ਤੋਂ ਉਨ੍ਹਾਂ ਦਾ ਮਰਜ ਹੋਰ ਵੀ ਵੱਧ ਗਿਆ ਸੀ। ਡਾ. ਲਾਗੂ ਨੇ 50 ਸਾਲ ਵਿੱਚ ਹਿੰਦੀ ਅਤੇ ਮਰਾਠੀ ਦੀਆਂ 200 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ।ਉਨ੍ਹਾਂ ਨੇ ਮਰਾਠੀ, ਹਿੰਦੀ ਅਤੇ ਗੁਜਰਾਤੀ ਦੇ 40 ਤੋਂ ਜ਼ਿਆਦਾ ਨਾਟਕਾਂ ਵਿੱਚ ਕੰਮ ਕੀਤਾ। 20 ਮਰਾਠੀ ਪਲੇ ਵੀ ਡਾਇਰੈਕਟ ਕੀਤੇ। ਉਨ੍ਹਾਂ ਨੂੰ ਮਰਾਠੀ ਰੰਗਮਚ ਦੇ ਮਹਾਨ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਘਰੌਂਦਾ, ਲਾਵਾਰਸ, ਮੁਕੱਦਰ ਕਾ ਸਿਕੰਦਰ, ਹੇਰਾਫੇਰੀ, ਏਕ ਦਿਨ ਅਚਾਨਕ ਵਰਗੀਆਂ ਫਿਲਮਾਂ ਵਿੱਚ ਮਹੱਤਵਪੂਰਣ ਕਿਰਦਾਰ ਨਿਭਾਏ। ਲਾਗੂ ਇੱਕ ਪੇਸ਼ੇਵਰ ਈਐੱਨਟੀ ਸਰਜਨ ਵੀ ਸਨ।