ਐਸ.ਡੀ.ਐਮ ਮਲੋਟ ਅਤੇ ਗਿੱਦੜਬਾਹਾ ਨੇ ਸਬ ਡਵੀਜ਼ਨ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਕੀਤਾ ਦੌਰਾ
ਸ੍ਰੀ ਮੁਕਤਸਰ ਸਾਹਿਬ/ਮਲੋਟ:- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਅਨਾਜ ਮੰਡੀਆਂ ਵਿੱਚ ਕੀਤੇ ਗਏ ਪੁਖਤਾਂ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ ਗਿੱਦੜਬਾਹਾ ਅਤੇ ਸ੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ ਨੇ ਆਪਣੀਆਂ-ਆਪਣੀਆਂ ਸਬ ਡਵੀਜ਼ਨਾਂ ਵਿੱਚ ਪੈਂਦੀਆਂ ਵੱਖ ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ।
ਐਸ.ਡੀ.ਐਮ ਗਿੱਦੜਬਾਹਾ ਨੇ ਸਾਹਿਬ ਚੰਦ, ਕੋਟਲੀ ਅਬਲੂ, ਵਾੜਾ ਕਿਸ਼ਨਪੁਰਾ, ਸੂਰੇਵਾਲਾ, ਆਸਾ ਬੁੱਟਰ, ਭੁੱਟੀਵਾਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾ ਦਾ ਜਾਇਜਾ ਲਿਆਂ ਅਤੇ ਅਨਾਜ ਮੰਡੀਆਂ ਵਿੱਚ ਲੋਕਾਂ ਨੂੰ ਕਰੋਨਾ ਵਾਇਰਸ ਵਰਗੀ ਮਾਹਮਾਰੀ ਤੋਂ ਬਚਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਵੀ ਕੀਤਾ। ਇਸ ਤਰ੍ਹਾਂ ਐਸ.ਡੀ.ਐਮ ਮਲੋਟ ਨੇ ਵੀ ਸਥਾਨਕ ਅਨਾਜ ਮੰਡੀ ਮਲੋਟ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਅਤੇ ਕਰੋਨਾ ਬਚਾਉਣ ਲਈ ਕੀਤੇ ਗਏ ਇੰਤਜਾਮਾਂ ਦਾ ਜਾਇਜਾ ਲਿਆ । ਸਬੰਧਿਤ ਅਧਿਕਾਰੀਆਂ ਨੇ ਅਨਾਜ ਮੰਡੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਹਦਾਇਤਾਂ ਕੀਤੀ ਕਿ ਕਰੋਨਾ ਇੱਕ ਨਾ ਮੁਰਾਦ ਬਿਮਾਰੀ ਹੈ ਅਤੇ ਇਸ ਤੋਂ ਬਚਣ ਲਈ ਆਪਸੀ ਦੂਰੀ ਬਣਾ ਕੇ ਰੱਖਣਾ ਬਹੁਤ ਜਰੂਰੀ ਹੈ ਅਤੇ ਹਮੇਸ਼ਾ ਮੂੰਹ ਢੱਕ ਕੇ ਕੰਮ ਕੀਤਾ ਜਾਵੇ ਅਤੇ ਸਾਬਣ ਨਾਲ ਹੱਥ ਧੋ ਕੇ ਖਾਣੇ ਅਤੇ ਪਾਣੀ ਦੀ ਵਰਤੋ ਕੀਤੀ ਜਾਵੇ।