ਵਹਿਮ ਭਰਮ ਤਿਆਗ ਕੇ ਸੰਗਤ ਸ਼੍ਰੀ ਗੂਰ ਗ੍ਰੰਥ ਸਾਹਿਬ ਜੀ ਤੋਂ ਸੇਧ ਲਵੇ- ਬਾਬਾ ਬਲਜੀਤ ਸਿੰਘ

ਮਲੋਟ: ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਨੂੰ ਤਿਆਗ ਕੇ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਜਿੰਦਗੀ ਬਤੀਤ ਕਰੇ। ਇਹ ਵਿਚਾਰ ਬਾਬਾ ਬਲਜੀਤ ਸਿੰਘ ਨੇ ਨਿਰਮਾਣ ਅਧੀਨ ਗੁਰਦੁਆਰਾ ਚਰਨ ਕਮਲ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਵਿਖੇ ਐਤਵਾਰ ਦੇ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਖੁਸ਼ੀ ਵਿੱਚ ਸ਼ਬਦ ਗੁਰੂ ਦਾ ਸਹਾਰਾ ਲੈ ਕੇ ਸ਼ੁਕਰਾਨੇ ਦੀ ਅਰਦਾਸ ਕਰੇ ਉੱਥੇ ਹੀ ਕਿਸੇ ਕਿਸਮ ਦੀ ਦੁੱਖ, ਤਕਲੀਫ਼ ਜਾਂ ਬਿਪਤਾ ਆਉਣ 'ਤੇ ਵੀ ਥਿੜਕੇ ਨਾ ਅਤੇ ਨਾ ਹੀ ਕਿਸੇ ਪਾਖੰਡਵਾਦ ਦੇ ਜਾਲ ਵਿੱਚ ਫਸੇ। ਬਲਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੁੱਖ ਦੀ ਘੜੀ ਵਿੱਚੋਂ ਨਿਕਲਣ ਲਈ ਤਾਕਤ ਬਖਸ਼ਣ ਦੀ ਅਰਦਾਸ ਕਰੇ।

ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫੱਸ ਚੁੱਕੀ ਹੈ। ਜਰੂਰਤ ਹੈ ਕਿ ਇਸ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਵੀਆਂ ਤਕਨੀਕਾਂ ਨਾਲ ਪੜ੍ਹਾਇਆ ਜਾਵੇ ਤਾਂ ਜੋ ਉਹ ਕੁਰਿਹਤਾਂ ਤਿਆਗ ਕੇ ਇੱਕ ਚੰਗਾ ਜੀਵਨ ਬਤੀਤ ਕਰਨ, ਇੱਕ ਚੰਗੇ ਅਤੇ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ। ਇਸ ਸਮਾਗਮ ਮੌਕੇ ਬੀਬੀਆਂ ਦੇ ਜੱਥੇ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਉਪਰੰਤ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲਿਆਂ ਦੇ ਜੱਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਗੁਰੂਘਰ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਭਾਈ ਜੱਜ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। Author: Malout Live