ਸਰਕਾਰੀ ਸੀਨੀ. ਸੈਕੰ. ਸਕੂਲ ਬੁਰਜ ਸਿੱਧਵਾਂ ਵਿਖੇ ਕਰਵਾਇਆ ਗਿਆ ਸਾਲਾਨਾ ਸਮਾਰੋਹ

ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ 'ਬਾਲ ਦਿਵਸ' ਨੂੰ ਸਮਰਪਿਤ ਸਾਲਾਨਾ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਉਹਨਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਮੁੱਖੀ ਸਾਹਿਬਾਨ, ਅਧਿਆਪਕ ਅਤੇ ਰਿਟਾ. ਅਧਿਆਪਕ ਸਾਹਿਬਾਨ, ਪਿੰਡ ਦੇ ਮੌਜੂਦਾ ਅਤੇ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਪਤਵੰਤਿਆਂ ਨੇ ਹਾਜ਼ਰੀ ਲਵਾਈ। ਇਸ ਸਮੇਂ ਦੌਰਾਨ ਸਕੂਲ ਦੇ ਪ੍ਰਿੰਸੀਪਲ ਸੰਤ ਰਾਮ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ। ਧਾਰਮਿਕ ਗੀਤ ਨਾਲ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਉਪਰੰਤ ਸਾਇੰਸ ਮਿਸਟ੍ਰੈਸ ਸ਼੍ਰੀਮਤੀ ਗੁਰਮੀਤ ਕੌਰ ਵੱਲੋਂ

ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ। ਵਿਦਿਆਰਥੀਆਂ ਨੇ ਬਹੁਤ ਹੀ ਖੂਬਸੂਰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਗਿੱਧੇ, ਭੰਗੜੇ ਅਤੇ ਸੰਮੀ ਨੇ ਇਸ ਪ੍ਰੋਗਰਾਮ ਵਿੱਚ ਖੂਬਸੂਰਤ ਰੰਗ ਭਰ ਦਿੱਤੇ। ਇਸ ਮੌਕੇ ਜਿੱਥੇ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਹੀ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀਮਤੀ ਸ਼ੁਸ਼ੀਲਾ ਰਾਣੀ, ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਸ਼੍ਰੀਮਤੀ ਰਾਜਵੀਰ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਚਰਨਜੀਤ ਕੌਰ, ਸ਼੍ਰੀਮਤੀ ਰਜਨੀ ਬਾਲਾ, ਸ਼੍ਰੀਮਤੀ ਸੁਮਨ ਅਤੇ ਸ.ਕੁਲਬੀਰ ਸਿੰਘ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਨਮਾਨ ਚਿਨ੍ਹ ਭੇਂਟ ਕੀਤੇ ਗਏ। ਪ੍ਰੋਗਰਾਮ ਤੋਂ ਖੁਸ਼ ਹੋ ਕੇ ਪਿੰਡ ਬੁਰਜ ਸਿੱਧਵਾਂ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਸਕੂਲ ਨੂੰ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਮੌਕੇ 'ਤੇ ਹੀ ਦਿੱਤੀ। ਪ੍ਰਿੰਸੀਪਲ ਸੰਤ ਰਾਮ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। Author: Malout Live