21 ਫਰਵਰੀ ਤੱਕ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਵਿੱਚ ਲਿਖਣੇ ਲਾਜ਼ਮੀ-CM ਭਗਵੰਤ ਮਾਨ
ਮਲੋਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਅਤੇ ਇਸ ਨੂੰ ਵਧੇਰੇ ਸਤਿਕਾਰ ਦੇਣ ਲਈ ਪੰਜਾਬੀਆਂ ਨੂੰ ਇੱਕ ਖ਼ਾਸ ਅਪੀਲ ਕੀਤੀ ਕਿ 21 ਫਰਵਰੀ ਤੱਕ ਦੁਕਾਨਾਂ ’ਤੇ ਲੱਗੇ ਬੋਰਡ ਜਾਂ ਦਿਸ਼ਾ ਸੂਚਕ ਬੋਰਡ ਪੰਜਾਬੀ ਬੋਲੀ ਵਿੱਚ ਲਿਖ ਲੈਣ। ਬੀਤੇ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਇੱਕ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ 21 ਫਰਵਰੀ ਨੂੰ ਮਨਾਏ ਜਾ ਰਹੇ ਕੌਮਾਂਤਰੀ 'ਭਾਸ਼ਾ ਦਿਵਸ' ਤੋਂ ਪਹਿਲਾਂ ਸੂਬੇ ਵਿੱਚ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ 'ਤੇ ਦੁਕਾਨਾਂ ਦੇ ਦਿਸ਼ਾ-ਸੂਚਕ ਬੋਰਡ ਨੂੰ ਪੰਜਾਬੀ ਵਿੱਚ ਲਗਾਉਣ ਦਾ ਸੱਦਾ ਦਿੱਤਾ। ਉਹਨਾਂ ਮਾਂ-ਬੋਲੀ ਦੇ ਸਤਿਕਾਰ ਲਈ ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ 21 ਫਰਵਰੀ ਤੱਕ ਖ਼ੁਦ ਹੀ ਦੁਕਾਨਾਂ 'ਤੇ ਲੱਗੇ ਬੋਰਡ ਪੰਜਾਬੀ ਬੋਲੀ ਵਿੱਚ ਲਿਖ ਲੈਣ ਅਤੇ ਇਸ ਮਗਰੋਂ ਨਿਰਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਮਹਾਰਾਸ਼ਟਰ, ਤਾਮਿਲਨਾਡੂ ਅਤੇ ਹੋਰ ਸੂਬਿਆਂ ਦੀਆਂ ਮਿਸਾਲਾਂ ਦਿੱਤੀਆਂ, ਜਿੱਥੇ ਲੋਕ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਦੇ ਹਨ। ਇਹਨਾਂ ਸੂਬਿਆਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ 'ਤੇ ਉਹਨਾਂ ਦੀ ਮਾਂ-ਬੋਲੀ ਵਿੱਚ ਸੂਚਨਾ ਬੋਰਡ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਹੁਣ ਪੰਜਾਬੀਆਂ ਨੂੰ ਵੀ ਇਹ ਰਵਾਇਤ ਅਪਣਾਉਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸੂਚਨਾ ਬੋਰਡਾਂ 'ਤੇ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਸਭ ਤੋਂ ਉੱਪਰ ਲਿਖਿਆ ਜਾਵੇ 'ਤੇ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸੱਭਿਆਚਾਰ ਅਤੇ ਰਵਾਇਤਾਂ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। Author: Malout Live