ਨਸ਼ਾ ਕਰਨ ਵਾਲੇ ਵਿਅਕਤੀ ਨੂੰ ਸਮਾਗਮ ਲਈ ਸੱਦਾ ਦੇਣ ਤੋਂ ਵੀ ਲੋਕ ਗੁਰੇਜ਼ ਕਰਦੇ ਹਨ -ਸਾਜਨ ਸਿਡਾਨਾ

ਮਲੋਟ:- ਸਾਜਨ ਸਿਡਾਨਾ ਭਾਜਪਾ ਯੁਵਾ ਮੋਰਚਾ ਮੰਡਲ ਮਲੋਟ ਦੇ ਪ੍ਰਧਾਨ ਨੇ ਕਿਹਾ ਕਿ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਵਧੀਆ ਜੀਵਨ ਅੱਜ ਇਸ ਦੀਆਂ ਆਪਣੀਆਂ ਹੀ ਗਲਤੀਆਂ ਅਤੇ ਭੈੜੀਆਂ ਆਦਤਾਂ ਕਾਰਨ ਬਹੁਤ ਮਾੜੀ ਹਾਲਤ ਵਾਲ਼ਾ ਤੇ ਨਫ਼ਰਤ ਭਰਿਆ ਬਣ ਗਿਆ ਹੈ। ਕੁਦਰਤ ਨੇ ਇਨਸਾਨ ਦੇ ਸੁਚੱਜੇ ਜੀਵਨ ਲਈ ਕਿੰਨੇ ਹੀ ਤਾਕਤ ਵਧਾਊ ਅਤੇ ਸੁਆਦਲੇ ਪਦਾਰਥ ਬਣਾਏ ਹਨ। ਜ਼ਿੰਦਗੀ ਨੂੰ ਨਰਕ ਵੱਲ ਲਿਜਾਣ ਲਈ ਤਰ੍ਹਾਂ-ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਲੱਗੇ ਰਹਿੰਦੇ ਹਾਂ। ਕੁੱਝ ਨਸ਼ਿਆਂ ਦੇ ਤਾਂ ਨਾਂ ਸੁਣ ਕੇ ਹੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਜਿਵੇਂ ਆਇਓਡੈਕਸ, ਛਿਪਕਲੀਆਂ ਦੀਆਂ ਪੂੰਛਾਂ, ਚਰਸ, ਹੈਰੋਇਨ ਆਦਿ। ਕਈ ਵਾਰ ਤਾਂ ਨੌਜਵਾਨਾਂ ਦੀ ਨਸ਼ੇ ਦੀ ਆਦਤ ਇਸ ਹੱਦ ਤੱਕ ਪੁੱਜ ਜਾਂਦੀ ਹੈ ਕਿ ਉਸ ਵੱਲੋਂ ਘਰ ਦੀਆਂ ਚੀਜ਼ਾਂ ਵੇਚ ਵੱਟ ਕੇ ਨਸ਼ੇ ਦੀ ਖੁਰਾਕ ਪੂਰੀ ਕੀਤੀ ਜਾਂਦੀ ਹੈ। ਕਈ ਵਾਰ ਖ਼ੁਦ ਮਾਪੇ ਬੱਚੇ ਦੇ ਨਸ਼ੇ ਲਈ ਘਰ ਦੀਆਂ ਚੀਜ਼ਾਂ ਵੇਚਣ ਲਈ ਮਜ਼ਬੂਰ ਹੋ ਜਾਂਦੇ ਹਨ। ਹਰ ਕੋਈ ਸਿਆਣਾ ਮਨੁੱਖ ਇਨ੍ਹਾਂ ਨੂੰ ਬੁਰੀ ਨਜ਼ਰ ਨਾਲ ਦੇਖ ਕੇ ਅਗਾਂਹ ਤੁਰ ਪੈਂਦਾ ਹੈ। ਲੋਕ ਅਜਿਹੇ ਵਿਅਕਤੀ ਨੂੰ ਕਿਸੇ ਸਾਂਝੇ ਸਮਾਗਮ ਲਈ ਸੱਦਾ ਦੇਣ ਤੋਂ ਵੀ ਗੁਰੇਜ਼ ਕਰਨ ਲੱਗਦੇ ਹਨ। ਨਸ਼ਾ ਕੇਵਲ ਨਸ਼ੇੜੀ ਦੀ ਮਾਨਸਿਕ ਬਰਬਾਦੀ ਨਹੀਂ ਕਰਦਾ ਸਗੋਂ ਪਰਿਵਾਰਾਂ ਦੀ ਵੀ ਭਾਰੀ ਬਰਬਾਦੀ ਕਰਦਾ ਹੈ। ਨੌਜਵਾਨਾਂ ਦੇ ਨਸ਼ੇ ਵੱਲ ਜਾਣ ਲਈ ਬੇਰੁਜ਼ਗਾਰੀ ਹੀ ਮੁੱਖ ਕਾਰਨ ਹੋ ਸਕਦਾ ਹੈ। ਸ਼ਹਿਰਾਂ ਦੇ ਪ੍ਰਮੁੱਖ ਰਾਜਨੀਤਿਕ, ਧਾਰਮਿਕ, ਵਿਅਕਤੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਖ਼ਾਸ ਕਰਕੇ ਇਸ ਪਾਸੇ ਉੱਚੇਚਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੇ ਇਲਾਕੇ ਵਿੱਚ ਕੋਈ ਨਸ਼ੇ ਦਾ ਧੰਦਾ ਨਾ ਕਰੇ ਅਤੇ ਨਾ ਹੀ ਕੋਈ ਨਸ਼ੇ ਦਾ ਸੇਵਨ ਕਰੇ। ਇਸ ਕਾਰਜ ਵਿੱਚ ਸਫਲ ਹੋਣ ਵਾਲੇ ਸਰਪੰਚਾਂ/ਪੰਚਾਂ ਅਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਮਾਣ-ਸਨਮਾਨ ਕਰਕੇ ਹੌਂਸਲਾ ਅਫ਼ਜ਼ਾਈ ਕਰਨਾ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ। Author: Malout Live