ਐਸ.ਡੀ.ਐਮ ਵੱਲੋਂ ਵਿਭਾਗਾਂ ਨੂੰ ਜੀ.ਓ.ਜੀ ਫੀਡਬੈਕ ਤੇ ਤੁਰੰਤ ਕਾਰਵਾਈ ਕਰਨ ਦੀ ਹਿਦਾਇਤ ਫੀਡਬੈਕ ਤੇ ਵਿਭਾਗਾਂ ਵੱਲੋਂ ਕਾਰਵਾਈ ਨਾ ਕਰਨ ਕਰਕੇ ਜਿਲ੍ਹਾਂ ਸੂਬੇ ਚੋਂ ਸੱਭ ਤੋਂ ਪਿੱਛੇ - ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ

ਮਲੋਟ, 3 ਫਰਵਰੀ (ਆਰਤੀ ਕਮਲ): ਐਸ.ਡੀ.ਐਮ ਮਲੋਟ ਵੱਲੋਂਂ ਸਮੁੱਚੇ ਮਹਿਕਮਿਆਂ ਦੇ ਸਬ ਡਿਵੀਜਨ ਪੱਧਰ ਦੇ ਅਧਿਕਾਰੀਆਂ ਤੇ ਜੀ.ਓ.ਜੀ ਦੀ ਸਾਂਝੀ ਮੀਟਿੰਗ ਬੁਲਾ ਕੇ ਅਧਿਕਾਰੀਆਂ ਨੂੰ ਜੀ.ਓ.ਜੀ ਫੀਡਬੈਕ ਤੇ ਹਰ ਰੋਜ ਕਾਰਵਾਈ ਮੁਕੰਮਲ ਕਰਨ ਦੀ ਸਖਤ ਹਿਦਾਇਤ ਕੀਤੀ । ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਅਤੇ ਜੀ.ਓ.ਜੀ ਦੇ ਸੀਨੀਅਰ ਵਾਈਸ ਚੇਅਰਮੈਨ ਟੀ.ਐਸ.ਸ਼ੇਰਗਿਲ ਦੀ 10 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਜਿਲ੍ਹਾਂ ਤੇ ਤਹਿਸੀਲ ਪੱਧਰੀ ਫੇਰੀ ਨੂੰ ਲੈ ਕੇ ਜੀ.ਓ.ਜੀ ਹੈਡਕਵਾਟਰ ਵੱਲੋਂ ਜਿਲਿਆਂ ਦੀ ਕਾਰਗੁਜਾਰੀ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਜਿਲ੍ਹਾਂ ਹੇਠਲੇ ਪੱਧਰ ਤੇ ਹੈ । ਐਸ.ਡੀ.ਐਮ ਗੋਪਾਲ ਸਿੰਘ ਨੇ ਆਈ.ਐਚ.ਐਲ.ਐਲ (ਫਲੱਸ਼ਾਂ) ਦੇ ਲੋੜਵੰਦਾਂ ਵੱਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਕੈਂਪਾਂ ਦੌਰਾਨ ਭਰੇ ਫਾਰਮਾਂ ਵਿਚੋਂ ਯੋਗ ਦਾ ਸਰਵੇ ਕਰਨ ਦੇ ਕੰਮ ਲਈ ਜੀ.ਓ.ਜੀ. ਨੂੰ ਪਿੰਡ ਦੇ ਸਰੰਪਚ ਤੇ ਪੰਚਾਇਤ ਦਾ ਸਹਿਯੋਗ ਨਾਲ ਲੈ ਕੇ ਯੋਗ ਲਾਭਪਾਤਰੀਆਂ ਦੀ ਰਿਪੋਰਟ ਪੂਰੀ ਕਰਨ ਲਈ ਹਿਦਾਇਤ ਕੀਤੀ । ਉਹਨਾਂ ਜੀ.ਓ.ਜੀ ਟੀਮ ਨੂੰ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਅੰਦਰ 1 ਫਰਵਰੀ 2017 ਤੋਂ ਸ਼ੁਰੂ ਹੋਏ ਇਸ ਵਿਭਾਗ ਦੇ 2 ਸਾਲ ਸਫਲਤਾ ਪੂਰਵਕ ਪੂਰੇ ਹੋਣ ਤੇ ਵਧਾਈ ਵੀ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਵੀ ਦਿੱਤੀ । ਮਾਰਕੀਟ ਕਮੇਟੀ ਮਲੋਟ ਦੇ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗਾਂ ਦਾ ਜੀ.ਓ.ਜੀ ਨਾਲ ਤਾਲਮੇਲ ਭਾਵੇਂ ਠੀਕ ਹੈ ਪਰ ਸਰਕਾਰ ਵੱਲੋਂ ਲੋਕ ਹਿੱਤ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਪਿੰਡ ਪੱਧਰ ਤੇ ਜੀ.ਓ.ਜੀ ਵੱਲੋਂ ਆਨਲਾਈਨ ਐਪ ਦੇ ਜਰੀਏ ਸਰਕਾਰ ਨੂੰ ਫੀਡਬੈਕ ਦਿੱਤੀ ਜਾਂਦੀ ਹੈ ਜਿਸਤੇ ਵਿਭਾਗ ਨੇ ਕਾਰਵਾਈ ਕਰਕੇ ਕੰਪਿਊਟਰ ਵਿਚ ਕਾਰਵਾਈ ਦਰਜ ਕਰਨੀ ਹੁੰਦੀ ਹੈ ਜਿਸ ਪਿੱਛੋਂ ਸਬੰਧਿਤ ਜੀ.ਓ.ਜੀ ਕੀਤੇ ਕੰਮ ਨੂੰ ਚੈਕ ਕਰਕੇ ਫੀਡਬੈਕ ਨੂੰ ਬੰਦ ਕਰਦਾ ਹੈ ਪਰ ਸਿੱਖਿਆ ਵਿਭਾਗ ਤੋਂ ਇਲਾਵਾ ਹੋਰ ਮਹਿਕਮੇ ਕੰਪਿਊਟਰ ਵਿਚ ਆਪਣਾ ਕੰਮ ਦਰਜ ਨਹੀ ਕਰਦੇ ਜਿਸ ਕਰਕੇ ਜਿਲ੍ਹਾਂ ਪੱਛੜ ਰਿਹਾ ਹੈ । ਉਹਨਾਂ ਦੱਸਿਆ ਕਿ 2019 ਦੇ ਅਖੀਰੀ 6 ਮਹੀਨਿਆਂ ਦੌਰਾਨ ਤਹਿਸੀਲ ਮਲੋਟ ਦੀਆਂ ਕਰੀਬ 7 ਹਜਾਰ ਫੀਡਬੈਕ ਵਿਚੋਂ ਸਿਰਫ ਇਕ ਹਜਾਰ ਤੇ ਹੀ ਕਾਰਵਾਈ ਹੋਈ ਹੈ ਜਦਕਿ ਆਪਣੇ ਤੋਂ ਵੀ ਪੱਛੜਾ ਮੰਨਿਆ ਜਾਂਦਾ ਨਾਲ ਲੱਗਦਾਜਿਲ੍ਹਾਂ ਫਾਜਿਲਕਾ ਪਹਿਲੇ ਪੰਜ ਜਿਲਿਆਂ ਵਿਚ ਦਰਜ ਹੈ ।  ਇਸ ਮੌਕੇ ਤਹਿਸੀਲਦਾਰ ਮਲੋਟ ਮੈਡਮ ਸੁਖਬੀਰ ਕੌਰ, ਨਾਇਬ ਤਹਿਸੀਲਦਾਰ ਜੇਪੀ ਸਿੰਘ, ਥਾਣਾ ਸਦਰ ਦੇ ਐਸ.ਐਚ.ਓ ਪਰਮਜੀਤ ਸਿੰਘ, ਸੈਕਟਰੀ ਮਾਰਕੀਟ ਕਮੇਟੀ ਗੁਰਪ੍ਰੀਤ ਸਿੰਘ ਸਿੱਧੂ, ਐਸ.ਡੀ.ਓ ਪਾਵਰਕਾਮ ਜੋਧਵੀਰ ਸਿੰਘ, ਸੀਡੀਪੀਓ ਮੈਡਮ ਗੁਰਜੀਤ ਕੌਰ ਅਤੇ ਖੇਤੀਬਾੜੀ ਅਫਸਰ ਹਸਨ ਸਿੰਘ ਸਮੇਤ ਸਮੁੱਚੇ ਵਿਭਾਗਾਂ ਤੇ ਅਧਿਕਾਰੀ ਤੇ ਜੀ.ਓ.ਜੀ ਹਾਜਰ ਸਨ ।