ਝੋਨੇ ਦੀ ਕਿਸਮ 128-129 ਦੀ ਨਿੱਜੀ ਵਿਕਰੀ ਤੇ ਪੂਰਨ ਪਾਬੰਦੀ

ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਅੱਜ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਨੇ ਜ਼ਿਲੇ ਭਰ ਵਿਚ ਪੀ.ਆਰ. 128 ਅਤੇ 129 ਕਿਸਮਾਂ ਦੇ ਝੋਨੇ ਦੇ ਬੀਜਾਂ ਦੀ ਨਿੱਜੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਉਨਾਂ ਕਿਹਾ ਕਿ ਇਹ ਦੋਵੇਂ ਕਿਸਮਾਂ ਕੇਵਲ ਪੀਏਯੂ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਅਤੇ ਇਸ ਦੇ ਐਕਸਟੈਂਸਨ ਕਾਊਂਟਰ ਕੇਵੀਕੇ (ਕ੍ਰਿਸੀ ਵਿਗਿਆਨ ਕੇਂਦਰ) ਕੋਲ ਹੀ ਸਨ। ਜਿਨਾਂ ਨੇ ਹਾਲ ਹੀ ਵਿੱਚ ਇਸ ਕਿਸਮ ਦੇ ਝੋਨੇ ਦਾ ਬੀਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਵੇਚਿਆ ਹੈ। ਹੁਣ ਇਹ ਬੀਜ ਪੀਏਯੂ ਜਾਂ ਕੇਵੀਕੇ ਕੋਲ ਸਟੋਕ ਵਿੱਚ ਨਹੀਂ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਜਲੌਰ ਸਿੰਘ ਨੇ ਦੱਸਿਆ ਕਿ ਝੋਨੇ ਦੀਆਂ ਕਿਸਮਾਂ ਪੀ.ਆਰ 128 ਅਤੇ ਪੀ.ਆਰ 129 ਜੋ ਕਿ ਇਸੇ ਸਾਲ ਫਰਵਰੀ 2020 ਵਿਚ ਪੀ.ਏ.ਯੂ ਲੁਧਿਆਣਾ ਵੱਲੋਂ ਕਾਸ਼ਤ ਕਰਨ ਲਈ ਸ਼ਿਫਾਰਸ਼ ਕੀਤਾ ਗਿਆ ਹੈ ਅਤੇ ਇਸ ਸਾਲ ਸਿਰਫ ਪੀ.ਏ.ਯੂ ਲੁਧਿਆਣਾ ਵਲੋਂ ਹੀ ਕਿਸਾਨਾਂ ਨੂੰ ਵੇਚਿਆ ਗਿਆ ਹੈ। ਕਿਸੇ ਵੀ ਪ੍ਰਾਈਵੇਟ ਸੀਡ ਡੀਲਰਾਂ ਕੋਲ ਝੋਨੇ ਦੀਆਂ ਇਹਨਾਂ ਦੋ ਕਿਸਮਾਂ ਪੀ.ਆਰ 128 ਅਤੇ ਪੀ.ਆਰ 129 ਦਾ ਬੀਜ ਮੌਜੂਦ ਨਹੀਂ ਹੈ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਿਸੇ ਝੂਠੇ ਪ੍ਰਚਾਾਰ ਵਿਚ ਆ ਕੇ ਕਿਸੇ ਪ੍ਰਾਈਵੇਟ ਅਦਾਰੇ ਤੋਂ ਬੀਜ ਦੀ ਖਰੀਦ ਨਾ ਕੀਤੀ ਜਾਵੇ। ਉਨਾਂ ਦੱਸਿਆ ਕਿ ਕੋਈ ਵੀ ਬੀਜ ਡੀਲਰ ਜੋ ਇਨਾਂ ਕਿਸਮਾਂ ਨੂੰ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਮਾਲ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਤਹਿਸੀਲ ਪੱਧਰੀ ਟੀਮਾਂ ਵੀ ਗਠਿਤ ਕੀਤੀਆਂ ਹਨ ਜੋ ਇਨਾਂ ਦੋ ਕਿਸਮਾਂ ਦੀ ਪ੍ਰਾਈਵੇਟ ਵਿਕਰੀ ਤੇ ਨਿਯਮਤ ਨਜਰ ਰੱਖ ਰਹੀਆਂ ਹਨ। ਉਨਾਂ ਦੱਸਿਆ ਕਿ ਇਨਾਂ ਅਧਿਕਾਰੀਆਂ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰ ਰੋਜ ਆਪਣੇ ਖੇਤਰੀ ਕੰਮਾਂ ਦੀ ਰਿਪੋਰਟ ਸਬੰਧਤ ਐਸਡੀਐਮਜ ਨੂੰ ਦੇਣ ਤਾਂ ਜੋ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।