ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈੱਲਫੇਅਰ ਐਸੋਸੀਏਸ਼ਨ ਵੱਲੋਂ 26 ਜਨਵਰੀ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ

ਮਲੋਟ (ਪੰਜਾਬ): ਪੰਜਾਬ ਵਿੱਚ ਠੇਕਾ ਅਧਾਰਿਤ ਸੇਵਾਵਾਂ ਨਿਭਾਉਣ ਵਾਲੀ ਸਿਰਮੌਰ ਮੁਲਾਜ਼ਮ ਜੱਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈੱਲਫੇਅਰ ਐਸੋਸੀਏਸ਼ਨ (ਸਿਹਤ ਵਿਭਾਗ) ਵੱਲੋਂ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਝੰਡਾ ਲਹਿਰਾਉਣ ਦੌਰਾਨ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਪੰਜਾਬ ਜਸਮੇਲ ਸਿੰਘ ਦਿਓਲ ਅਤੇ ਜ਼ਿਲ੍ਹਾ ਮੁਕਤਸਰ ਜ਼ੋਨ ਪ੍ਰਧਾਨ ਅਮਨਦੀਪ ਸਿੰਘ ਅਤੇ ਬਾਦਲ ਇਕਾਈ ਦੀ ਪ੍ਰਧਾਨ ਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਦੋ ਸਾਲ ਬੀਤ ਜਾਣ ਉਪਰੰਤ ਵੀ ਆਪ ਸਰਕਾਰ ਮੁਲਾਜ਼ਮਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਿਭਾਉਣ ਵਿੱਚ ਨਾਕਾਮ ਰਹੀ ਹੈ, ਜਦ ਕਿ ਹਰੇਕ ਚੋਣਾਂ ਤੋਂ ਪਹਿਲਾਂ ਇਹ ਵਾਅਦੇ ਜਲਦ ਪੂਰੇ ਕਰਨ ਦੇ ਭਰੋਸੇ ਦਿੱਤੇ ਗਏ। ਜਿਸ ਵਿੱਚ ਰੈਗੂਲਰ ਕਰਨ ਅਤੇ ਦਿੱਲੀ ਦੇ ਅਧਾਰ ਤੇ ਇਹਨਾਂ ਮੁਲਾਜ਼ਮਾਂ ਨੂੰ 20% ਵਾਧਾ ਪੰਜਾਬ ਸਰਕਾਰ ਵੱਲੋਂ ਤੁਰੰਤ ਅਧਾਰ ਤੇ ਦਿੱਤੇ ਜਾਣ ਤੋਂ ਇਲਾਵਾ ਹੋਰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਬਿਨ੍ਹਾਂ ਸ਼ਰਤ ਦਿੱਤੇ ਜਾਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਇਲਾਵਾ ਕਈ ਵਾਰ ਲਿਖਤ ਰੂਪ ਵਿੱਚ ਜੱਥੇਬੰਦੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਹੀਂ ਕਰਵਾਈ ਗਈ।

ਜ਼ਿਲ੍ਹਾ ਮੁਕਤਸਰ ਜ਼ੋਨ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ 200 ਤੋਂ ਜਿਆਦਾ ਮੁਲਾਜ਼ਮਾਂ ਵੱਲੋਂ ਵਿਭਾਗ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਅਤੇ ਇੱਕ ਤਾਨਾਸ਼ਾਹੀ ਅਫ਼ਸਰ ਖਿਲਾਫ਼ ਦਿੱਤੀ ਲਿਖਤ ਸ਼ਿਕਾਇਤ ਤੋਂ ਬਾਅਦ ਵੀ ਬਚਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਦ ਕਿ ਇਸ ਤੋਂ ਪਹਿਲਾਂ ਵੀ ਮੌਖਿਕ ਰੂਪ ਵਿੱਚ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਕੰਮ ਕਰਨ ਦੇ ਬਾਵਜੂਦ ਇੱਕ ਦਿਨ ਦੀ ਕੱਟੀ ਗਈ ਤਨਖਾਹ ਅਤੇ ਅੱਧੀ ਛੁੱਟੀ ਬੰਦ ਕਰਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪ੍ਰਮੁੱਖ ਆਗੂ ਸ. ਮਹਿੰਦਰ ਪਾਲ ਸਿੰਘ ਅਤੇ ਸਮੂਹ ਸਟੇਟ ਜੱਥੇਬੰਦੀ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿ ਆਪ ਸਰਕਾਰ ਵੱਲੋਂ ਕੀਤੇ ਵਾਅਦੇ ਅਤੇ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਸਮੂਹ ਕਰਮਚਾਰੀਆਂ ਵੱਲੋਂ 04 ਜਨਵਰੀ ਨੂੰ ਵੀ ਪੂਰੇ ਪੰਜਾਬ ਵਿੱਚ ਕੰਮ ਠੱਪ ਕਰਕੇ ਚੰਡੀਗੜ੍ਹ ਧਰਨਾ ਦਿੱਤਾ ਗਿਆ ਸੀ, ਮੰਗਾਂ ਸੰਬੰਧੀ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿਤਾ ਗਿਆ। ਹੁਣ 26 ਜਨਵਰੀ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਦੋਰਾਨ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। ਇਸ ਸੰਬੰਧੀ ਜਲਦ ਲੁਧਿਆਣਾ ਵਿਖੇ ਹੰਗਾਮੀ ਮੀਟਿੰਗ ਸੱਦੀ ਜਾ ਰਹੀ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਵੱਖ-ਵੱਖ ਏਡਜ਼ ਕੰਟਰੋਲ ਸੁਸਾਇਟੀ ਦੇ ਮੁਲਾਜ਼ਮ ਸਾਥੀ ਹਾਜ਼ਿਰ ਸਨ। Author: Malout Live