ਪੀ.ਟੀ.ਆਈ.ਐੱਸ ਵੱਲੋਂ ਪਟਿਆਲਾ ਵਿਖੇ ਕਰਵਾਏ ਟੈਕ ਫੈਸਟ 2023 ਵਿੱਚ ਫਤੂਹੀ ਖੇੜਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਟੈਕਨੀਕਲ ਇੰਸਟੀਟਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐੱਸ) ਵੱਲੋਂ ਪਟਿਆਲਾ ਵਿਖੇ ਕਰਵਾਏ ਸੂਬੇ ਪੱਧਰੀ ਟੈਕ ਫੈਸਟ 2023 ਵਿੱਚ ਸਰਕਾਰੀ ਬਹੁ-ਤਕਨੀਕੀ ਕਾਲਜ,ਫਤੂਹੀ ਖੇੜਾ (ਸ਼੍ਰੀ ਮੁਕਤਸਰ ਸਾਹਿਬ) ਦੇ ਵਿਦਿਆਰਥੀਆਂ ਨੇ ਪ੍ਰੋਜੈਕਟ ਡਿਸਪਲੇ ਅਤੇ ਪੀ.ਪੀ.ਟੀ ਪਰੈਜ਼ੈਨਟੇਸ਼ਨ ਵਿੱਚ ਭਾਗ ਲਿਆ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਪੀ.ਪੀ.ਟੀ ਪਰੈਜੈਨਟੇਸ਼ਨ ਵਿੱਚ ਸੂਬੇ ਭਰ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ,ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਸੀਮਾ ਜੈਨ ਅਤੇ ਐਡੀਸ਼ਨਲ ਡਾਇਰੈਕਟਰ ਸ਼੍ਰੀ ਮੋਹਨਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਸਰਕਾਰੀ ਬਹ-ਤਕਨੀਕੀ ਕਾਲਜ,ਫਤੂਹੀ ਖੇੜਾ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੀ.ਟੀ.ਆਈ.ਐੱਸ ਵੱਲੋਂ ਪਿਛਲੇ ਦਿਨੀਂ ਟੈਕ ਫੈਸਟ 2023 ਕਰਵਾਉਣ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਸੇ ਸਮੇਂ ਤੋਂ ਲੈ ਕੇ ਸਾਰੇ ਸਟਾਫ਼ ਦੀ ਮੱਦਦ ਨਾਲ ਵਿਦਿਆਰਥੀਆਂ ਦੀ ਦਰਸਾਏ ਈਵੈਟਾਂ ਵਿੱਚ ਭਾਗ ਲੈਣ ਲਈ ਤਿਆਰੀ ਸ਼ੁਰੂ ਕਰਵਾ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਵੱਖ-ਵੱਖ ਤਿਆਰੀ ਕਰਵਾਉਣ ਲਈ ਬਣੀਆਂ ਟੀਮਾਂ ਨੇ ਬੜੀ ਮਿਹਨਤ ਨਾਲ ਤਿਆਰੀ ਕਰਵਾਈ। ਜਿਸਦੇ ਨਤੀਜੇ ਵਜੋਂ ਪੀ.ਪੀ.ਟੀ ਪਰੈਜੈਨਟੇਸ਼ਨ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨਿਤਿਕਾ ਮਲਾਨੀ ਅਤੇ ਰਮਨਦੀਪ ਕੌਰ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੂਬੇ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਕਾਲਜ ਦਾ ਮਾਣ ਵਧਾਇਆ। ਕਾਲਜ ਵਿਖੇ ਇਨਾਮਾਂ ਦੀ ਵੰਡ ਕਰਦੇ ਹੋਏ ਪ੍ਰਿੰਸੀਪਲ,ਸਮੂਹ ਸਟਾਫ਼ ਅਤੇ ਪਿੰਡ ਫਤੂਹੀ ਖੇੜਾ ਦੇ ਸਰਪੰਚ ਅਤੇ ਹੋਰ ਪਤਵੰਤਿਆਂ ਨੇ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਸਰਕਾਰੀ ਬਹੁ-ਤਕਨੀਕੀ ਕਾਲਜ, ਫਤੂਹੀ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇੱਕੋ ਇਕ ਸਰਕਾਰੀ ਬਹੁ ਤਕਨੀਕੀ ਕਾਲਜ ਹੈ,ਜਿਸ ਵਿੱਚ ਤਿੰਨ ਸਾਲਾਂ ਡਿਪਲੋਮਾ ਕੋਰਸ ਇਲੈਕਟ੍ਰੋਨਿਕਸ ਐਂਡਕਮਿਊਨੀਕੇਸ਼ਨ ਇੰਜੀ. ਅਤੇ ਮਕੈਨੀਕਲ ਇੰਜੀ. ਦੇ ਕੋਰਸ ਬਹੁਤ ਹੀ ਘੱਟ ਫੀਸਾਂ ਤੇ ਚੱਲ ਰਹੇ ਹਨ। ਕਾਲਜ ਵਿੱਚ ਵਿਦਿਆਰਥੀ ਤਕਨੀਕੀ ਸਿੱਖਿਆ ਦੇ ਹੁਨਰ ਹਾਸਿਲ ਕਰਕੇ ਸੂਬੇ ਅਤੇ ਦੇਸ਼ ਦੇ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਕਰ ਰਹੇ ਹਨ। Author: Malout Live