ਗੁਲਾਬੀ ਸੁੰਡੀ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ, ਖੇਤੀਬਾੜੀ ਮਾਹਿਰਾਂ ਨੇ ਨਰਮੇ 'ਚ ਗੁਲਾਬੀ ਸੁੰਡੀ ਤੋਂ ਬਚਾਅ ਲਈ ਕਿਸਾਨਾਂ ਨੂੰ ਦੱਸੇ ਉਪਾਅ

ਮਲੋਟ:- ਜਿਲ੍ਹੇ ਅੰਦਰ ਪੈਂਦੇ ਪਿੰਡ ਰਹੂੜਿਆਂ ਵਾਲੀ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਦੀ ਅਗਵਾਈ ਹੇਠ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਪਿੰਡ `ਚ ਲੱਗੇ ਨਰਮੇਂ ਦੀਆਂ ਛਟੀਆਂ ਦੇ ਢੇਰਾਂ ਦੀ ਝਾੜ-ਝੜਾਈ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਜਗਸੀਰ ਸਿੰਘ ਨੇ ਦੱਸਿਆ ਕਿ ਨਰਮੇਂ ਦੀਆਂ ਛਟੀਆਂ ਨੂੰ ਝਾੜ ਕੇ ਰੱਖਣ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਨਰਮੇ ਦੇ ਟੀਂਡੇ ਖਿੜ੍ਹੇ ਨਹੀਂ ਸਨ ਜਾਂ ਥੋੜ੍ਹੇ ਖਿੜ੍ਹੇ ਸੀ ਉਨ੍ਹਾਂ ਵਿੱਚ ਗੁਲਾਬੀ ਸੁੰਡੀ ਪਲ ਰਹੀ ਹੈ, ਜਿਸ ਕਾਰਨ ਗੁਲਾਬੀ ਸੁੰਡੀ ਦਾ ਲਾਰਵਾ ਜੋ ਪਹਿਲਾਂ ਅਡਲਟ ਬਣੇਗਾ ਤੇ ਉਸ ਤੋਂ ਬਾਅਦ ਪਤੰਗਾਂ ਬਣ ਕੇ ਉੱਡ ਜਾਵੇਗਾ। ਇਹ ਪਤੰਗਾਂ 30 ਤੋਂ 40 ਕਿਲੋਮੀਟਰ ਤੱਕ ਉੱਡ ਸਕਦਾ ਹੈ ਅਤੇ 10 ਕੁ ਦਿਨ ਦੇ ਲੱਗਭਗ ਮਰ ਜਾਂਦਾ ਹੈ।

ਇਸ ਲਈ ਉਨ੍ਹਾਂ ਦੱਸਿਆ ਕਿ ਜੇਕਰ ਛਟੀਆਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਿਆ ਗਿਆ ਤਾਂ ਅਪ੍ਰੈਲ 2022 ਤੱਕ ਉੱਗਣ ਵਾਲੀ ਨਰਮੇਂ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਫਿਰ ਤੋਂ ਹਮਲਾ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਗੁਲਾਬੀ ਸੁੰਡੀ ਕੇਵਲ ਨਰਮੇਂ ਦੇ ਟੀਂਡੇ ਵਿਚਲੇ ਵਡੇਵੇਂ ਨੂੰ ਹੀ ਖਾਂਦੀ ਹੈ ਹੋਰ ਕਿਸੇ ਵੀ ਸਬਜ਼ੀ ਜਾਂ ਫਸਲ ਨੂੰ ਨਹੀਂ ਖਾਂਦੀ। ਇਸ ਲਈ ਨਰਮੇਂ ਦੀ ਫਸਲ ਨੂੰ ਬਚਾਉਣ ਲਈ ਇਸ ਪਹਿਲ ਕਦਮੀ ਸ਼ੁਰੂ ਕੀਤੀ ਹੈ। ਇਸ ਦੌਰਾਨ ਪਿੰਡ ਰਹੂੜਿਆਂ ਵਾਲੀ ਦੇ ਸਰਪੰਚ ਮਨਮੋਹਨ ਸਿੰਘ ਵੱਲੋਂ ਮਨਰੇਗਾ ਮਜ਼ਦੂਰਾਂ ਦੀ ਮੱਦਦ ਨਾਲ ਪਿੰਡ `ਚ ਲੱਗੇ ਨਰਮੇਂ ਦੀਆਂ ਛਟੀਆਂ ਦੇ ਢੇਰਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਇਸ ਮੌਕੇ ਬੀ.ਕੇ.ਯੂ ਦੇ ਬਲਾਕ ਜਨਰਲ ਸਕੱਤਰ ਸੁਖਰਾਜ ਸਿੰਘ, ਆਪ ਪਾਰਟੀ ਦੇ ਆਗੂ ਟੇਕ ਸਿੰਘ ਮੱਟੂ, ਖੇਤੀਬਾੜੀ ਵਿਭਾਗ ਦੇ ਕਰਮਚਾਰੀ ਹਰਮਨਦੀਪ ਸਿੰਘ, ਸਵਰਨਜੀਤ ਸਿੰਘ ਖੇਤੀਬਾੜੀ ਸਹਾਇਕ ਵੀ ਹਾਜਿਰ ਸਨ।