ਮਾਸਕ ਤੋਂ ਬਿਨਾਂ ਲੋਕ ਘਰੋਂ ਨਾ ਨਿਕਲਣ - ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ।
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਉੂ ਖਤਮ ਕਰਕੇ 31 ਮਈ ਤੱਕ ਲਾੱਕ ਡਾਊਨ ਵਧਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆਂ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਸਮੂਹ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸਰਕਾਰੀ ਨਿਰਦੇਸ਼ਾਂ ਦੀ ਪਾਲਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਲਾੱਕ ਡਾਊਨ ਵਿੱਚ ਢਿੱਲ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੋਰੋਨਾ ਦਾ ਖਤਰਾ ਟਲ ਗਿਆ ਹੈ। ਕਈ ਰਾਜਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੇਸ ਵੱਧ ਰਹੇ ਹਨ, ਇਸ ਲਈ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਜਰੂਰ ਵਤਨੀਆਂ ਚਾਹੀਦੀਆਂ ਹਨ।
ਡਾ. ਹਰੀ ਨਰਾਇਣ ਸਿੰਘ ਨੇ ਕਿਹਾ ਕਿ ਮਾਸਕ ਲਗਾਉਣਾ ਸਾਰਿਆਂ ਲਈ ਲਾਜ਼ਮੀ ਹੈ। ਉਹਨਾ ਕਿਹਾ ਕਿ ਪਬਲਿਕ ਥਾਵਾਂ, ਗਲੀਆਂ, ਹਸਪਤਾਲਾਂ, ਦਫਤਰਾਂ ਅਤੇ ਬਜ਼ਾਰਾਂ ਵਿੱਚ ਮਾਸਕ ਪਹਿਨਣਾ ਬਹੁਤ ਜਰੂਰੀ ਹੈ। ਆਪਣੇ ਵਹੀਕਲ ਤੇ ਜਾਂ ਪਬਲਿਕ ਵਹੀਕਲ ਤੇ ਸਫ਼ਰ ਕਰਦੇ ਸਮੇਂ ਵੀ ਮਾਸਕ ਪਹਿਨਣਾ ਜਰੂਰੀ ਹੈ। ਲੋਕ ਆਮ ਕੱਪੜੇ ਦਾ ਬਣਿਆ ਤਿੰਨ ਪਰਤਾਂ ਦਾ ਮਾਸਕ ਵੀ ਪਹਿਣ ਸਕਦੇ ਹਨ, ਜੋ ਪੂਰੇ ਮੂੰਹ ਅਤੇ ਨੱਕ ਨੂੰ ਢੱਕ ਸਕੇ। ਬਹੁਤੇ ਲੋਕਾਂ ਦਾ ਮੂੰਹ ਢਕਿਆ ਹੁੰਦਾ ਹੈ, ਪਰ ਨੱਕ ਨਹੀਂ। ਇਸ ਤਰ੍ਹਾ ਮਾਸਕ ਲਗਾਉਣਾ ਨਾ ਦੇ ਬਰਾਬਰ ਹੈ। ਪੂਰਾ ਦਿਨ ਮਾਸਕ ਲਗਾਉਣ ਤੋਂ ਬਾਅਦ ਉਸਨੂੰ ਧੇ ਕੇ ਅਗਲੇ ਦਿਨ ਫਿਰ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮਾਸਕ ਨੂੰ ਵਾਰ ਵਾਰ ਹੱਥ ਲਗਾਉਣਾ ਵੀ ਖਤਰਨਾਕ ਹੈ। ਇਹ ਵੀ ਵਾਇਰਸ ਨੂੰ ਰੋਕਦਾ ਨਹੀਂ, ਸਗੋਂ ਖਤਰਾ ਹੋਰ ਵੱਧ ਜਾਂਦਾ ਹੈ।
ਉਹਨਾਂ ਦੱਸਿਆਂ ਕਿ ਜੇਕਰ ਕਿਸੇ ਸਮੇਂ ਕਿਸੇ ਕੋਲ ਮਾਸਕ ਉਪਲਬਧ ਨਹੀਂ ਹੈ, ਤਾਂ ਰੁਮਾਲ, ਦੁਪੱਟਾ ਜਾਂ ਸਟੌਲ ਵਗੈਰਾ ਵੀ ਮੂੰਹ ਅਤੇ ਨੱਕ ਨੂੰ ਢੱਕਣ ਲਈ ਵਰਤ ਸਕਦੇ ਹਾਂ।ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਦੇ ਮਾਸਕ ਨਹੀਂ ਪਾਇਆ ਤਾਂ ਪ੍ਰਸ਼ਾਸਨ ਉਹਨਾਂ ਨੂੰ 200 ਰੁਪਏ, ਘਰ ਵਿੱਚ ਇਕਾਂਤਵਾਸ ਸਮੇਂ ਜੇਕਰ ਕੋਈ ਉਲੰਘਨਾ ਕਰਦਾ ਹੈ ਤਾਂ ਉਸ ਨੂੰ 500 ਰੁਪਏ ਅਤੇ ਜੇਕਰ ਕੋਈ ਪਬਲਿਕ ਥਾਵਾਂ ਤੇ ਥੁੱਕਦਾ ਹੈ ਤਾਂ ਉਸ ਨੂੰ 100 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਉਹਨਾ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਾਂ ਵਿੱਚ ਭੀੜ ਨਾ ਕਰਨ ਤਾਂ ਜੋ ਕਰੋਨਾ ਤੋਂ ਬਚਿਆ ਜਾ ਸਕੇ। ਉਹਨਾਂ ਦੁਕਾਨਦਾਰਾਂ ਨੂੰ ਕਿਹਾ ਕਿ ਦੁਕਾਨਾਂ ਦੇ ਅੰਦਰ ਆਉਣ ਵਾਲੇ ਗ੍ਰਾਹਕਾਂ ਦੇ ਲਈ ਸੈਨੇਟਾਈਜ਼ਰ ਦਾ ਇੰਤਜਾਮ ਵੀ ਕਰਨ ਅਤੇ ਗ੍ਰਾਹਕਾਂ ਨੂੰ ਮੂੰਹ ਢੱਕ ਹੀ ਦੁਕਾਨ ਦੇ ਅੰਦਰ ਆਉਣ ਨੂੰ ਕਿਹਾ ਜਾਵੇ।