ਸਮਾਜਿਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਲੋਹੜੀ ਦਾ ਤਿਉਹਾਰ- ਡਾ. ਸਿਮਰਜੀਤ ਕੌਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੀ.ਐੱਚ.ਸੀ ਹਰੀਕੇ ਕਲਾਂ ਵਿਖੇ ਇੰਚਾਰਜ ਆਯੁਰਵੈਦਿਕ ਮੈਡੀਕਲ ਅਫਸਰ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਮਨਾਈ ਗਈ। ਡਾ. ਸਿਮਰਜੀਤ ਕੌਰ ਨੇ ਕਿਹਾ ਕਿ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਦਾ ਲੋਹੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਧੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ। ਹੁਣ ਪਹਿਲਾਂ ਮੁਕਾਬਲੇ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿਚ ਕਾਫ਼ੀ ਬਦਲਾਅ ਆਇਆ ਹੈ। ਲੋਕ ਸਮਝ ਗਏ ਹਨ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਪਰ ਇਸ ਦਿਸ਼ਾਂ ਵਿੱਚ ਹਾਲੇ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ ਤਾਂ ਕਿ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋ ਸਕੇ। ਉਨ੍ਹਾਂ ਨੇ ਬੱਚੀਆਂ ਦੇ ਮਾਤਾ-ਪਿਤਾ ਨੂੰ ਬੱਚੀ ਦੇ ਜਨਮ ਅਤੇ ਲੋਹੜੀ ਦੇ ਤਿਉਹਾਰ ਮੌਕੇ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਜਨਮ ਤੋਂ ਹੀ ਬੱਚੀਆਂ ਦਾ ਚੰਗੀ ਤਰਾਂ ਪਾਲਣ-ਪੋਸ਼ਣ ਅਤੇ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਬੱਚੀਆਂ ਦਾ ਸੰਪੂਰਨ ਟੀਕਾਕਰਨ ਨਰੋਈ ਸਿਹਤ ਲਈ ਜ਼ਰੂਰੀ ਹੈ।

ਉਹਨਾਂ ਨੇ ਕਿਹਾ ਕਿ ਲੜਕੀਆਂ ਨੂੰ ਉੱਚ ਵਿੱਦਿਆ ਦੇਣੀ ਯਕੀਨੀ ਬਣਾਈਏ ਤਾਂ ਜੋ ਅਸੀਂ ਇੱਕ ਨਰੋਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਮੌਕੇ ਪੀ.ਐੱਚ.ਸੀ ਹਰੀਕੇ ਕਲਾਂ ਸਟਾਫ ਵੱਲੋਂ 12 ਬੱਚੀਆਂ ਨੂੰ ਜੁਰਾਬ, ਦਸਤਾਨੇ ਅਤੇ ਟੋਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸੀ.ਐੱਚ.ਸੀ ਚੱਕ ਸ਼ੇਰੇ ਵਾਲਾ ਦੇ ਮਾਸ ਮੀਡਿਆ ਵਿੰਗ ਵੱਲੋਂ ਲੋਹੜੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਜਿਸ ਦੇ ਤਹਿਤ ਹੀ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੜਕੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਉੱਚ ਵਿਦਿਆ ਦੇਣੀ ਜ਼ਰੂਰੀ ਹੈ ਤਾਂ ਜੋ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ ਅਤੇ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨ। ਇਸ ਮੌਕੇ ਫਾਰਮੇਸੀ ਅਫਸਰ ਰਿਸ਼ੀਪਾਲ, ਮ.ਪ.ਹ.ਵ (ਫੀਮੇਲ) ਲਖਵਿੰਦਰ ਕੌਰ, ਜਤਿੰਦਰ ਕੌਰ, ਮ.ਪ.ਹ.ਵ (ਮੇਲ) ਗੁਰਜੀਤ ਸਿੰਘ, ਨਰਸਿੰਗ ਸਟਾਫ ਮਨਜਿੰਦਰ ਕੌਰ, ਫਾਰਮੇਸੀ ਅਫਸਰ ਜਗਰੂਪ ਸਿੰਘ, ਗੁਰਨਾਮ ਸਿੰਘ, ਸਿਕੰਦਰ ਸਿੰਘ, ਪਿੰਡ ਦੀ ਸਮੂਹ ਆਸ਼ਾ ਵਰਕਰ, ਬੱਚੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਮੌਜੂਦ ਸਨ। Author: Malout Live