ਨਿਕਸੈ ਮਿੱਤਰਾ ਪ੍ਰੋਗਰਾਮ ਤਹਿਤ ਟੀ.ਬੀ ਦੇ ਮਰੀਜਾਂ ਨੂੰ ਵੰਡੀਆਂ ਗਈਆਂ ਪੌਸ਼ਟਿਕ ਖ਼ੁਰਾਕ ਦੀਆਂ ਕਿੱਟਾਂ- ਡਾ. ਸੁਨੀਲ ਬਾਂਸਲ

ਮਲੋਟ: ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ ਟੀ.ਬੀ ਦੀ ਦਵਾਈ ਖਾ ਰਹੇ ਮਰੀਜ਼ਾਂ ਨੂੰ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਦੇਣ ਲਈ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਜਨਸੇਵਾ ਸੰਸਥਾ ਦੇ ਐਗਜੈਕਟਿਵ ਮੈਂਬਰ ਸ਼੍ਰੀ ਅਸ਼ਵਨੀ ਮੱਕੜ ਅਤੇ ਅਨੀਸ਼ ਮੱਕੜ ਵੱਲੋਂ ਆਪਣੇ ਸਵਰਗੀ ਪਿਤਾ ਸ਼੍ਰੀ ਸ਼ਾਮ ਲਾਲ ਮੱਕੜ ਦੀ ਬਰਸੀ ਮੌਕੇ ਸਿਵਲ ਹਸਪਤਾਲ ਮਲੋਟ ਵਿਖੇ ਟੀ.ਬੀ ਤੋਂ ਗ੍ਰਸਤ ਮਰੀਜਾਂ ਨੂੰ ਸੰਤੁਲਿਤ ਖੁਰਾਕ ਦੀਆਂ ਕਿੱਟਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਡਾ. ਸੁਨੀਲ ਬਾਂਸਲ ਵੱਲੋਂ ਦੱਸਿਆ ਗਿਆ ਕਿ ਜੋ ਮਰੀਜ ਟੀ.ਬੀ ਦੀ ਦਵਾਈ ਖਾ ਰਹੇ ਹਨ ਓਹਨਾਂ ਵਿੱਚ ਅਕਸਰ ਕਮਜ਼ੋਰੀ ਆ ਜਾਂਦੀ ਹੈ, ਜਿਸ ਕਾਰਨ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਜੇਕਰ ਟੀ.ਬੀ ਦੇ ਮਰੀਜ਼ ਨੂੰ ਦਵਾਈ ਦੇ ਨਾਲ-ਨਾਲ ਪੂਰੀ ਅਤੇ ਸੰਤੁਲਿਤ ਖੁਰਾਕ ਮਿਲ ਜਾਵੇ ਤਾਂ ਉਹ ਜਲਦੀ ਅਤੇ ਪੱਕੇ ਤੌਰ ਤੇ ਠੀਕ ਹੋ ਜਾਂਦਾ ਹੈ।

ਇਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਨਿਕਸ਼ੈ ਮਿੱਤਰਾ ਅਭਿਆਨ ਸ਼ੁਰੂ ਕੀਤਾ ਗਿਆ। ਜਿਸ ਤਹਿਤ ਸਮਾਜ ਸੇਵੀ ਸੰਸਥਾਵਾਂ, ਨਿੱਜੀ ਲੋਕ, ਦੇਸ਼ ਦੇ ਚੁਣੇ ਹੋਏ ਨੁਮਾਇੰਦੇ, ਕਾਰਪੋਰੇਟ ਘਰਾਣੇ, ਦਾਨੀ ਸੱਜਣਾਂ ਤੇ ਹੋਰ ਸੰਸਥਾਵਾਂ ਵੱਲੋਂ ਟੀ.ਬੀ ਦੀ ਦਵਾਈ ਲੈ ਰਹੇ ਲੋੜਵੰਦ ਮਰੀਜਾਂ ਲਈ ਹਰ ਮਹੀਨੇ ਮੁਫ਼ਤ ਖੁਰਾਕ ਦੇਣ ਲਈ ਨਿਕਸ਼ੈ ਮਿੱਤਰਾ ਬਣਾਏ ਜਾਣੇ ਹਨ ਤੇ ਜਿਹੜਾ ਵਿਅਕਤੀ ਟੀ.ਬੀ ਦੇ ਮਰੀਜ਼ ਨੂੰ ਖੁਰਾਕ ਦੇਣ ਦੀ ਜਿੰਮੇਵਾਰੀ ਲਵੇਗਾ, ਉਹ ਹਰ ਮਹੀਨੇ ਟੀ.ਬੀ ਦੇ ਮਰੀਜ਼ ਨੂੰ ਇਹ ਖੁਰਾਕ ਘੱਟੋ ਘੱਟ ਛੇ ਮਹੀਨੇ ਤੱਕ ਦੇਵੇਗਾ, ਜਿਸ ਨਾਲ ਨੈਸ਼ਨਲ ਟੀ.ਬੀ ਇਲੈਮੀਨੇਸ਼ਨ ਪ੍ਰੋਗਰਾਮ ਨੂੰ ਕਾਮਯਾਬ ਕਰਨ ਤੇ ਦੇਸ਼ ਨੂੰ ਟੀਬੀ ਮੁਕਤ ਕਰਨ 'ਚ ਮੱਦਦ ਮਿਲੇਗੀ। ਇਸ ਮੌਕੇ ਡਾ. ਸੁਨੀਲ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਟੀ.ਬੀ ਦੇ ਲੱਛਣ ਜਿਵੇਂ ਕਿ ਦੋ ਹਫਤਿਆਂ ਤੋਂ ਖਾਂਸੀ ਹੋਣਾ ਜਾਂ ਸ਼ਾਮ ਦੇ ਵੇਲੇ ਲਗਾਤਾਰ ਬੁਖਾਰ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਤੋਂ ਟੀ.ਬੀ ਦੀ ਜਾਂਚ ਜਰੂਰ ਕਰਵਾਉਣ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਅਤੇ ਸਹਿਯੋਗ ਜਨਸੇਵਾ ਦੇ ਪ੍ਰਧਾਨ ਮਨੋਜ ਅਸੀਜਾ ਅਤੇ ਭੋਲੇ ਕੀ ਫ਼ੌਜ ਸੰਸਥਾ ਦੇ ਪ੍ਰਧਾਨ ਰਾਹੁਲ ਗਗਨੇਜਾ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ, ਜਿੰਨ੍ਹਾਂ ਦਾ ਡਾ. ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਮਲੋਟ ਵੱਲੋਂ ਧੰਨਵਾਦ ਕੀਤਾ ਗਿਆ।

Author: Malout Live