ਐਨ.ਐਚ.ਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰ ਦੁਆਰਾ ਰੈਗੂਲਰ ਨਾ ਕੀਤੇ ਜਾਣ ਕਰਕੇ ਕੀਤੀ ਸੂਬਾ ਪੱਧਰੀ ਹੜਤਾਲ

ਮਲੋਟ:- ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ) ਪੰਜਾਬ ਦੇ ਠੇਕਾ ਅਧਾਰਿਤ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਐਨ.ਐਚ.ਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਹੜਤਾਲ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੁੱਚੇ ਸਿਹਤ ਵਿਭਾਗ ਦੇ ਐਨ.ਐਚ.ਐਮ ਅਧੀਨ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।

ਇਸ ਦੌਰਾਨ ਸ਼੍ਰੀ ਗੁਰਪ੍ਰੀਤ ਭੁੱਲਰ ਸੂਬਾ ਪ੍ਰਧਾਨ, ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਕਿਹਾ ਗਿਆ ਸੂਬਾ ਸਰਕਾਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਕੋਰੋਨਾ ਯੋਧਿਆਂ ਦਾ ਖਿਤਾਬ ਤਾਂ ਦੇ ਰਹੀ ਹੈ ਪਰੰਤੂ ਇਹਨਾਂ ਨੂੰ ਰੈਗੂਲਰ ਨਾ ਕਰਕੇ ਇਹਨਾਂ ਨਾਲ ਕੋਝਾ ਮਜਾਕ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਵਿੱਚ ਐਨ.ਐਚ.ਐਮ ਅਧੀਨ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਦੁਆਰਾ ਪਿਛਲੇ 15-16 ਸਾਲ ਤੋਂ ਲਗਭਗ 11000 ਕਰਮਚਾਰੀ ਕਲੈਰੀਕਲ, ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਹਰ ਵਾਰ ਸਰਕਾਰਾਂ ਵੱਲੋਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਸੰਬੰਧੀ ਝੂਠੇ ਵਾਅਦੇ ਕੀਤੇ ਜਾਂਦੇ ਹਨ। ਪਰੰਤੂ ਇਹਨਾਂ ਵੱਲੋਂ ਕੱਚੇ ਕਰਮਚਾਰੀਆਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਹੈ। ਐਨੀ ਘੱਟ ਤਨਖਾਹ ਤੇ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਸਿਹਤ ਵਿਭਾਗ ਦੇ ਸਮੁੱਚੇ ਕਰਮਚਾਰੀ ਦਿਨ ਰਾਤ ਅਤੇ ਛੁੱਟੀ ਵਾਲੇ ਦਿਨ ਵੀ ਆਮ ਜਨਤਾ ਦੀ ਭਲਾਈ ਲਈ ਕੰਮ ਕਰ ਰਹੇ ਹਨ। ਪਰੰਤੂ ਸੂਬਾ ਸਰਕਾਰ ਇਹਨਾਂ ਮੁਲਾਜਮਾਂ ਨੂੰ ਰੈਗੂਲਰ ਕਰਨ ਵਿੱਚ ਗੰਭੀਰ ਨਹੀਂ ਹੈ। ਇਸ ਕਰਕੇ ਅੱਜ ਇੱਕ ਦਿਨਾਂ ਸੰਕੇਤਕ ਹੜਤਾਲ ਸਮੁੱਚੇ ਐਨ.ਐਚ.ਐਮ ਅਤੇ ਆਊਟਸੋਰਸ ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਐਨ.ਐਚ.ਐਮ ਅਧੀਨ ਕੰਮ ਕਰਦੇ ਸਮੂਹ ਪ੍ਰੋਗਰਾਮਾਂ ਦੇ ਕਰਮਚਾਰੀਆਂ ਸਮੇਤ ਆਊਟਸੋਰਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਪੰਜਾਬ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਸਿਹਤ ਵਿਭਾਗ ਅਧੀਨ ਕੰਮ ਕਰ ਰਹੀਆਂ ਆਸ਼ਾ ਫੈਸਿਲੀਟੇਟਰਾਂ ਅਤੇ ਆਸ਼ਾ ਵਰਕਰਾਂ ਨੂੰ ਹਰਿਆਣਾ ਰਾਜ ਦੀ ਤਰਜ ਤੇ ਬੱਝਵਾਂ ਮਾਣਭੱਤਾ ਦਿੱਤਾ ਜਾਵੇ ਤਾਂ ਜੋ ਕਰਮਚਾਰੀਆਂ ਦਾ ਮਨੋਬਲ ਕਾਇਮ ਰਹਿ ਸਕੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਣ ਅਤੇ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਤੋਂ ਬਾਹਰ ਆ ਸਕਣ। ਇਸ ਤੋਂ ਅੱਗੇ ਉਹਨਾਂ ਕਿਹਾ ਕਿ ਅੱਜ ਸਿਹਤ ਵਿਭਾਗ ਦੇ ਐਨ.ਐਚ.ਐਮ ਕਰਮਚਾਰੀਆਂ ਦੁਆਰਾ ਸਿਹਤ ਸੇਵਾਵਾਂ ਨੂੰ ਠੱਪ ਕੀਤਾ ਗਿਆ ਹੈ। ਇਸ ਹੜਤਾਲ ਵਿੱਚ ਸਿਹਤ ਵਿਭਾਗ ਦੇ ਐਨ.ਐਚ.ਐਮ ਅਤੇ ਆਊਟਸੋਰਸ ਤੇ ਕੰਮ ਕਰਦੇ ਸਾਰੇ ਪ੍ਰੋਗਰਾਮਾਂ ਦੇ ਕਰਮਚਾਰੀਆਂ ਨੇ ਆਪਣੀ ਸ਼ਮੂਲੀਅਤ ਕੀਤੀ ਹੈ। ਜੇਕਰ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸ ਦੇ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਐਨ.ਐਚ.ਐਮ ਸੁਨੀਲ ਕੁਮਾਰ, ਗਗਨਦੀਪ ਕੌਰ, ਸ਼ਿਵਪਾਲ ਸਿੰਘ, ਸੁਰਿੰਦਰਪਾਲ ਸਿੰਘ, ਦੀਪਕ ਕੁਮਾਰ, ਰਵਿੰਦਰ ਗਰੋਵਰ, ਪ੍ਰਭਜੀਤ ਸਿੰਘ, ਸ਼ਾਲੂ, ਸੁਰੇਖਾ, ਸੁਮਨਜੋਤ, ਰਵੀ ਕੁਮਾਰ, ਰਾਏ ਸਾਹਿਬ, ਕੁਮਾਰ ਗੌਰਵ ਅਤੇ ਹੋਰ ਐਨ.ਐਚ.ਐਮ ਕਰਮਚਾਰੀ ਵੀ ਹਾਜ਼ਰ ਸਨ।