ਮਨਿਸਟਰੀਅਲ ਕਾਮਿਆਂ ਨੇ ਫੂਕਿਆ ਡੀ.ਸੀ ਪਠਾਨਕੋਟ ਦਾ ਪੁਤਲਾ
ਮਲੋਟ:- ਪੰਜਾਬ ਰਾਜ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਸੂਬਾ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਵਿਰੁੱਧ ਵਿੱਢੇ ਗਏ ਸੰਘਰਸ਼ ਤਹਿਤ ਅੱਜ ਕਲਮਛੋੜ ਹੜਤਾਲ ਦੇ ਅੱਠਵੇਂ ਦਿਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਪੁਤਲਾ ਸਾੜਿਆ ਗਿਆ। ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਨਰਲ ਸਕੱਤਰ ਵਰਿੰਦਰ ਢੋਸੀਵਾਲ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜਿਲ੍ਹਾ ਪੱਧਰੀ ਰੈਲੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਕਰਮਜੀਤ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਨੇ ਹਰ ਫਰੰਟ ਤੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ, ਉਨ੍ਹਾਂ ਕਿਹਾ ਕਿ ਪੇਅ ਕਮਿਸ਼ਨ ਦੇ ਨਾਮ ਤੇ ਸਰਕਾਰ ਪਿਛਲੇ ਸਾਢੇ 4 ਸਾਲਾਂ ਤੋਂ ਮੁਲਾਜ਼ਮਾਂ ਨੂੰ ਭਰਮ ਭੁਲੇਖੇ ਵਿੱਚ ਪਾਈ ਰੱਖਿਆ ਹੈ ਅਤੇ ਜਦੋਂ ਸਰਕਾਰ ਨੇ ਪੇਅ ਕਮਿਸ਼ਨ ਦਾ ਨੋਟੀਫਿਕੇਸ਼ਨ ਕੀਤਾ ਤਾਂ ਸਰਕਾਰ ਦੀ ਨੀਅਤ ਬਾਰੇ ਸਭ ਜੱਗ ਜਾਹਿਰ ਹੋ ਗਿਆ ਕਿਉਂਕਿ ਇਸ ਵਿੱਚ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ ਸਗੋਂ ਸਰਕਾਰ ਪਿਛਲੇ ਕਈ ਸਾਲਾਂ ਦਾ ਬਕਾਇਆ ਮਹਿੰਗਾਈ ਭੱਤਾ ਵੀ ਹੜੱਪ ਕਰ ਚੁੱਕੀ ਹੈ। ਇਸ ਮੌਕੇ ਸਟੇਜ਼ ਸਕੱਤਰ ਕਾਲਾ ਸਿੰਘ ਬੇਦੀ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਹਰ ਵਾਰ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ ਤਾਂ ਕਰ ਲੈਂਦੀ ਹੈ ਪ੍ਰੰਤੂ ਇਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਵਿੱਚ ਹਮੇਸ਼ਾ ਹੀ ਫੇਲ ਸਾਬਤ ਹੋਈ ਹੈ, ਜਿਸਦੇ ਫਲਸਰੂਪ ਮੁਲਾਜ਼ਮਾਂ ਵੱਲੋਂ ਸਾਂਝੀ ਝੰਡੇ ਹੇਠ ਸੰਘਰਸ਼ ਵਿੱਢਿਆ ਗਿਆ ਹੈ ਅਤੇ ਸਾਰੇ ਵਿਭਾਗਾਂ ਦਾ ਕੰਮਕਾਜ ਬਿਲਕੁਲ ਠੱਪ ਕਰ ਦਿੱਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਯੂਨੀਅਨ ਆਪਣੀਆਂ ਹੱਕੀ ਮੰਗਾਂ ਜਿਵੇਂ ਪੇਅ ਕਮਿਸ਼ਨ ਦੀ ਸਹੀ ਰਿਪੋਰਟ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਜਮਹੂਰੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪ੍ਰੰਤੂ ਸਰਕਾਰ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ ਹੈ। ਇਸ ਰੋਸ ਰੈਲੀ ਦੌਰਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ, ਜਲ ਸਪਲਾਈ ਵਿਭਾਗ ਦੇ ਤਲਵਿੰਦਰ ਸਿੰਘ, ਪੰਜਾਬ ਰੋਡਵੇਜ਼ ਦੇ ਗੁਰਮੀਤ ਸਿੰਘ, ਡੀ.ਸੀ. ਦਫ਼ਤਰ ਦੇ ਪੁਸ਼ਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਬੰਸ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਭੰਡਿਆ। ਰੋਸ ਰੈਲੀ ਉਪਰੰਤ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨ ਪਠਾਨਕੋਟ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪੀ.ਏ., ਰਜਿੰਦਰ ਸਿੰਘ ਬੁੱਟਰ, ਭੁਪਿੰਦਰ ਸਿੰਘ, ਜਗਤਾਰ ਸਿੰਘ, ਮੋਹਨ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਕਪੂਰ, ਸਤੀਸ਼ ਕੁਮਾਰ, ਰੁਪਿੰਦਰ ਬਾਠ, ਸਿੱਖਿਆ ਵਿਭਾਗ ਤੋਂ ਸੰਦੀਪ ਬੱਤਰਾ, ਗੁਰਸ਼ਰਨ ਸਿੰਘ, ਜਿਲ੍ਹਾ ਲੋਕ ਸੰਪਰਕ ਦਫ਼ਤਰ ਤੋਂ ਟਵਿੰਕਲ ਬਾਂਸਲ, ਜਲ ਸ੍ਰੋਤ ਵਿਭਾਗ ਤੋਂ ਜਸਵੰਤ ਸਿੰਘ, ਖਜਾਨਾ ਦਫ਼ਤਰ ਤੋਂ ਸਾਹਿਬ ਸਿੰਘ, ਖੁਰਾਕ ਸਪਲਾਈ ਤੋਂ ਜਸਵਿੰਦਰ ਸਿੰਘ ਅਤੇ ਖੇਤੀਬਾੜੀ ਵਿਭਾਗ ਤੋਂ ਅਸ਼ੋਕ ਕੁਮਾਰ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।