ਯਾਦਗਾਰੀ ਹੋ ਨਿਬੜਿਆ ਬਲਾਕ ਆਲਮਵਾਲਾ ਦਾ ਸਿਹਤ ਮੇਲਾ

ਮਲੋਟ:- ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਸਮਾਗਮਾਂ ਦੀ ਲੜੀ ਤਹਿਤ ਕਮਿਊਨਿਟੀ ਹੈਲਥ ਸੈਂਟਰ ਆਲਮਵਾਲਾ ਵਿਖੇ ਕਰਵਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ ਯਾਦਗਾਰੀ ਹੋ ਨਿਬੜਿਆ, ਜਿਸ ਵਿੱਚ 912 ਮਰੀਜ਼ਾਂ ਨੇ ਮੈਡੀਕਲ ਕੈਂਪ ਦਾ ਲਾਹਾ ਲੈਂਦਿਆਂ ਹੋਇਆਂ ਆਪਣੀ ਸਿਹਤ ਦੀ ਜਾਂਚ ਕਰਵਾਈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਮੁਤਾਬਿਕ ਸਿਵਲ ਸਰਜਨ ਸ਼੍ਰੀ ਮੁਕਤਸਰ ਡਾ. ਰੰਜੂ  ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਜਗਦੀਪ ਚਾਵਲਾ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਸੀ.ਐੱਚ.ਸੀ ਆਲਮਵਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵਿਧਾਨ ਸਭਾ ਹਲਕਾ ਲੰਬੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ, ਜਦੋਂ ਕਿ ਡਾ. ਰੰਜੂ ਸਿੰਗਲਾ ਸਿਵਲ ਸਰਜਨ,ਸਹਾਇਕ ਸਿਵਲ ਸਰਜਨ ਡਾ.ਪ੍ਰਭਜੀਤ ਸਿੰਘ, ਡੀ.ਐੱਮ.ਸੀ ਡਾ. ਵੰਦਨਾ ਬਾਂਸਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਸਿਹਤ ਮੇਲੇ ਵਿੱਚ ਸਿਹਤ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ-ਵੱਖ ਰੋਗਾਂ ਦੇ ਮਾਹਿਰਾਂ ਵੱਲੋਂ ਲੋਕਾਂ ਦੀ ਸਿਹਤ ਜਾਂਚ ਬਿਲਕੁਲ ਮੁਫ਼ਤ ਕੀਤੀ ਗਈ ਅਤੇ ਨਾਲੋ-ਨਾਲ ਲੋੜਵੰਦਾਂ ਦੇ ਮੁਫ਼ਤ ਐਕਸਰੇ ਵੀ ਕੀਤੇ ਗਏ। ਇਸ ਮੌਕੇ ਲੋੜਵੰਦ ਲਾਭਪਾਤਰੀਆਂ ਦੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ। ਸਮਾਜ ਸੇਵੀ ਸੰਸਥਾਵਾਂ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਖੂਨਦਾਨ ਦਾ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਖੂਨਦਾਨੀਆਂ ਵੱਲੋਂ ਵੱਧ ਚਡ਼੍ਹ ਕੇ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ। ਸਿਹਤ ਮੇਲੇ ਵਿੱਚ ਮਾਸ ਮੀਡੀਆ ਅਤੇ ਮਲੇਰੀਆ ਵਿੰਗ ਦੀ ਟੀਮ ਵੱਲੋਂ ਕੋਵਿਡ-19 ਦੀ ਵੈਕਸੀਨੇਸ਼ਨ ਲਈ ਜਾਗਰੂਕਤਾ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਰਦਾਰ ਗੁਰਮੀਤ ਸਿੰਘ ਹਲਕਾ ਵਿਧਾਇਕ  ਨੇ ਕਿਹਾ ਕਿ ਉਹ ਲੰਬੀ ਦਿਹਾਤੀ ਹਲਕੇ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।                              

ਉਨ੍ਹਾਂ ਨੇ ਬਲਾਕ ਪੱਧਰੀ ਸਿਹਤ ਮੇਲੇ ਨੂੰ ਕਾਮਯਾਬ ਬਣਾਉਣ ਲਈ ਕਮਿਊਨਟੀ ਹੈਲਥ ਸੈਂਟਰ ਆਲਮਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਗਦੀਪ ਚਾਵਲਾ ਅਤੇ ਸਮੂਹ ਸਟਾਫ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਜਿਲ੍ਹਾ ਹਸਪਤਾਲ ਮੁਕਤਸਰ ਸਾਹਿਬ ਤੋਂ ਪਹੁੰਚੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰੇਸ਼ਮ ਸਿੰਘ ਨੇ ਇਸ ਮੌਕੇ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਜਕਰਮ ਦੇ ਆਯੁਰਵੈਦਿਕ ਮੈਡੀਕਲ ਅਫਸਰ ਡਾ. ਅਰਪਣ ਸਿੰਘ ਨੇ ਇਸ ਸਕੀਮ ਤਹਿਤ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੀਹ (30) ਬਿਮਾਰੀਆਂ ਵਿੱਚ ਦਿੱਤੀ ਜਾਣ ਵਾਲੀ ਮੁਫਤ ਮੈਡੀਕਲ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਸਿਹਤ ਮੇਲੇ ਦੋਰਾਨ ਚਮੜੀ ਰੋਗਾਂ ਦੇ ਮਾਹਿਰ ਡਾ. ਰਾਜੀਵ ਵੱਲੋਂ 200 ਤੋਂ ਵਧੇਰੇ ਮਰੀਜਾਂ ਦਾ ਚੈੱਕਅਪ ਕੀਤਾ ਗਿਆ, ਹੋਮਿਓਪੈਥੀ ਡਾ. ਅਮਨਪ੍ਰੀਤ ਵੱਲੋਂ 117, ਆਯੁਰਵੈਦਿਕ ਵੱਲੋਂ 107 ਮਰੀਜਾਂ, ਅੱਖਾਂ ਦੇ ਮਾਹਿਰ ਵੱਲੋਂ 254 ਮਰੀਜਾਂ, ਡਾ. ਇਕਬਾਲ ਸਿੰਘ ਵੱਲੋਂ ਦੰਦਾਂ ਦੇ ਰੋਗ ਵਾਲੇ ਮਰੀਜਾਂ, ਡਾ ਐਸ਼ਲੀ ਗਿਰਧਰ ਵੱਲੋਂ ਸਰਜਰੀ ਅਤੇ ਜਨਰਲ ੳ.ਪੀ.ਡੀ ਦੇ ਕੇਸਾਂ ਦੀ ਜਾਂਚ ਕੀਤੀ ਗਈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਯੋਗਾ ਕੈਂਪ ਆਦਿ ਵਿੱਚ ਹਿੱਸਾ ਲਿਆ ਗਿਆ। ਇਸ ਸਿਹਤ ਮੇਲੇ ਦਾ ਮੰਚ ਸੰਚਾਲਨ ਡਾ. ਸਿੰਪਲ ਕੁਮਾਰ, ਡਾ. ਅੰਮ੍ਰਿਤਪਾਲ ਕੌਰ, ਡਾ. ਇਕਬਾਲ ਸਿੰਘ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਜਿਲਾ ਮਾਸ ਮੀਡੀਆ ਅਤੇ ਇਨਫਾਰਮੇਸ਼ਨ ਅਫਸਰ, ਬੀ.ਈ.ਈ ਹਰਮਿੰਦਰ ਕੌਰ, ਬੀ.ਸੀ.ਸੀ ਫੈਸਿਲੀਟੇਟਰ ਗਗਨ, ਸ਼ਿਵਪਾਲ ਸਿੰਘ, ਗਿਰਧਰ ਫਾਰਮੇਸੀ ਅਫਸਰ, ਨਰਸਿੰਗ ਸਟਾਫ, ਫਾਰਮੇਸੀ ਵਿਭਾਗ, ਸੀ.ਐੱਚ.ੳ, ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀ-ਮੇਲ,ਆਸ਼ਾ ਫੈਸਿਲੀਟੇਟਰ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ ਅਤੇ ਬਾਕੀ ਸਟਾਫ ਆਲਮਵਾਲਾ ਵੱਲੋਂ ਸ਼ਲਾਘਾਯੋਗ ਕਾਰਜ ਕੀਤਾ ਗਿਆ ਅਤੇ ਸਮੂਹ ਸਟਾਫ ਦੇ ਸਮੁੱਚੇ ਯਤਨਾਂ ਨਾਲ ਇਹ ਮੇਲਾ ਆਪਣੇ ਪੱਧਰ ਉੱਪਰ ਬਹੁਤ ਯਾਦਗਾਰੀ  ਹੋ ਨਿਬੜਿਆ। Author : Malout Live