ਸਰਕਾਰੀ ਸੈਕੰਡਰੀ ਸਮਾਰਟ ਸਕੂਲ ਆਲਮਵਾਲਾ ਵਿਖੇ 'ਜਲਗਾਹ ਬਚਾਓ' ਵਿਸ਼ੇ ਤੇ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲੇ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਅਤੇ ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦੇ ਸਹਿਯੋਗ ਨਾਲ ਸ਼ਹੀਦ ਸੁਖਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਆਲਮਵਾਲਾ ਵਿਖੇ ਜਲਗਾਹ ਬਚਾਓ ਵਿਸ਼ੇ 'ਤੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਪੌਂਟਿੰਗਾਂ ਅਤੇ ਪੋਸਟਰ ਤਿਆਰ ਕਰਕੇ ਜਲਗਾਹ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹੋਏ ਸਮਾਜ ਨੂੰ ਸੰਦੇਸ਼ ਦਿੱਤਾ। ਭਾਸ਼ਣ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਜਲਗਾਹ ਜਿੱਥੇ ਵੱਖ-ਵੱਖ ਜਾਨਵਰਾਂ ਦੀ ਜੀਵਨ ਧਰਤੀ ਹੈ ਉੱਥੇ ਹੀ ਸਾਡਾ ਭਵਿੱਖ ਵੀ ਇਹਨਾਂ ਜਲਗਾਹਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਇਹਨਾਂ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਜਲਗਾਹਾਂ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਫਿਰ ਸਾਨੂੰ ਉਮਰ ਭਰ ਪਛਤਾਉਣਾ ਪਵੇਗਾ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਕਾਸ ਕੁਮਾਰ ਅਤੇ ਈਕੋ ਕਲੱਬ ਦੇ ਕੋਆਰਡੀਨੇਟਰ ਸਾਇੰਸ ਮਿਸਟ੍ਰੇਸ ਸਿਮਰਨ ਰਾਣੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਅਤੇ ਡਾ. ਮੰਦਾਕਿਨੀ ਠਾਕੁਰ ਦੀ ਅਗਵਾਈ ਹੇਠ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਡੀ.ਐਮ ਰਾਜਨ ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਜਲਗਾਹਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਪੌਂਟਿੰਗ ਅਤੇ ਪੋਸਟਰ ਤਿਆਰ ਕਰਕੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ। ਪ੍ਰਿੰਸੀਪਲ ਵਿਕਾਸ ਕੁਮਾਰ ਨੇ ਇਹਨਾਂ ਮੁਕਾਬਲਿਆਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। Author: Malout Live