ਪਿੰਡ ਚੱਕ ਸ਼ੇਰੇਵਾਲਾ ਵਿਖੇ ਭਾਰੀ ਮੀਂਹ ਕਾਰਨ ਕਈ ਮਕਾਨ ਡਿੱਗੇ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ):- ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਜਿੱਥੇ ਜ਼ਿਲ੍ਹੇ ਅੰਦਰ ਹਜ਼ਾਰਾਂ ਏਕੜ ਜ਼ਮੀਨ ਵਿੱਚ ਪਾਣੀ ਭਰਨ ਕਾਰਨ ਝੋਨੇ ਅਤੇ ਨਰਮੇ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ , ਉੱਥੇ ਹੀ ਪਿੰਡ ਚੱਕ ਸ਼ੇਰੇਵਾਲਾ ਵਿਖੇ ਅਨੇਕਾਂ ਖੇਤ ਮਜ਼ਦੂਰਾਂ ਦੇ ਘਰ ਢਹਿ - ਢੇਰੀ ਹੋ ਗਏ , ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੋਤਾ ਸਿੰਘ ਚੱਕ ਸ਼ੇਰੇਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 40-50 ਮਕਾਨ ਡਿੱਗ ਪਏ , ਜਿਸ ਕਾਰਨ ਘਰਾਂ ਵਿੱਚ ਪਿਆ ਕੀਮਤੀ ਸਮਾਨ ਨੁਕਸਾਨਿਆ ਗਿਆ ਅਤੇ ਹੋਰ ਵੀ ਭਾਰੀ ਨੁਕਸਾਨ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਰਮੇਸ਼ ਕੁਮਾਰ , ਜਸਕਰਨ ਸਿੰਘ , ਸਰਬਜੀਤ ਕੌਰ , ਕੁਲਦੀਪ ਕੌਰ , ਜਸਪਾਲ ਕੌਰ , ਕ੍ਰਿਸ਼ਨਾ ਦੇਵੀ , ਰਣਜੀਤ ਕੌਰ , ਜਸਵੀਰ ਕੌਰ , ਕਰਮਜੀਤ ਕੌਰ , ਕਰਨੈਲ ਕੌਰ , ਕ੍ਰਿਸ਼ਨਾ , ਬਲਵਿੰਦਰ ਕੌਰ , ਗੁਰਨਾਮ ਕੌਰ , ਗੋਗਾ , ਜਸਵਿੰਦਰ ਕੌਰ , ਨਿੰਮ , ਕੁਲਵਿੰਦਰ ਕੌਰ , ਸੰਤੋਸ਼ ਕੌਰ , ਇਕਬਾਲ ਕੌਰ ਅਤੇ ਰਾਜ ਰਾਣੀ ਆਦਿ ਖੇਤ ਮਜ਼ਦੂਰਾਂ ਦੇ ਮਕਾਨ ਡਿੱਗ ਗਏ ਹਨ , ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਂਹ ਕਾਰਨ ਡਿੱਗੇ ਮਕਾਨਾਂ ਦਾ ਪ੍ਰਤੀ ਮਕਾਨ ਦੋ ਲੱਖ ਰੁਪਏ ਮੁਆਵਜ਼ਾ ਤੁਰੰਤ ਦਿੱਤਾ ਜਾਵੇ , ਤਾਂ ਜੋ ਇਹ ਪਰਿਵਾਰ ਮਕਾਨਾਂ ਦੀ ਮੁੜ ਉਸਾਰੀ ਕਰਕੇ ਆਪਣਾ ਸਿਰ ਢੱਕ ਸਕਣ। Author: Malout Live