ਸਿਵਲ ਹਸਪਤਾਲ ਮਲੋਟ ਤੋਂ ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਲੋਟ: ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਵੱਲੋਂ ਸਿਵਲ ਹਸਪਤਾਲ ਮਲੋਟ ਤੋਂ ਏਡਜ਼ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਇਹ ਵੈਨ ਇਲਾਕਾ ਨਿਵਾਸੀਆਂ ਨੂੰ ਐਚ.ਆਈ.ਵੀ/ਏਡਜ਼ ਤੋਂ ਬਚਾਅ ਸੰਬੰਧੀ ਜਾਗਰੂਕ ਕਰੇਗੀ। ਉਹਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕਮਜੋਰੀ ਜਾਂ ਇੱਕ ਮਹੀਨੇ ਤੋਂ ਦਸਤ ਦੀ ਸ਼ਿਕਾਇਤ, ਘੱਟ ਸਮੇਂ ਵਿੱਚ ਜਿਆਦਾ ਭਾਰ ਘੱਟਣਾ ਅਤੇ ਵਾਰ-ਵਾਰ ਬਿਮਾਰ ਹੋਣ ਵਰਗੇ ਲੱਛਣ ਦਿੱਖਦੇ ਹਨ ਤਾਂ ਇਸਦੀ ਜਾਂਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਕਰਵਾਉਣੀ ਚਾਹੀਦੀ ਹੈ।

ਇੱਥੇ ਏਡਜ਼ ਦੀ ਮੁਫ਼ਤ ਜਾਂਚ ਹੋਣ ਦੇ ਨਾਲ-ਨਾਲ ਮਰੀਜ਼ ਦੀ ਪਹਿਚਾਣ ਨੂੰ ਵੀ ਗੁਪਤ ਰੱਖਿਆ ਜਾਂਦਾ ਹੈ। ਇਸ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਵੀ ਖੇਡਿਆ ਗਿਆ ਅਤੇ ਲੋਕਾਂ ਦੇ ਐਚ.ਆਈ ਵੀ ਟੈਸਟ ਵੀ ਕੀਤੇ ਗਏ। ਇਸ ਮੌਕੇ ਡਾ. ਏਕਤਾ ਹਰਜੀਤ ਸਿੰਘ, ਸੁਖਦੇਵ ਸਿੰਘ, ਅਮਰਜੀਤ ਕੌਰ, ਕਿਰਨ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਿਰ ਸਨ। Author: Malout Live