ਮੌਸਮ ਵਿਭਾਗ ਨੇ ਪੰਜਾਬ 'ਚ ਅਗਲੇ 3 ਦਿਨਾਂ ਤੱਕ ਭਾਰੀ ਬਾਰਿਸ਼ ਦੀ ਦਿੱਤੀ ਚਿਤਾਵਨੀ
ਮਲੋਟ:- ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅੱਜ ਤੋਂ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਮੌਸਮ ਵਿਭਾਗ ਮੁਤਾਬਿਕ ਅੱਜ ਕੁੱਝ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਦਕਿ ਬੁੱਧਵਾਰ ਅਤੇ ਵੀਰਵਾਰ ਨੂੰ ਪੂਰੇ ਸੂਬੇ ਵਿੱਚ ਭਾਰੀ ਬਾਰਿਸ਼ ਹੋਣ ਦੇ ਆਸਾਰ ਹਨ। ਇਸ ਦੌਰਾਨ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਤੇਜ਼ ਮੀਂਹ ਪੈਂਦਾ ਹੈ ਤਾਂ ਸਬਜ਼ੀਆਂ ਅਤੇ ਨਰਮੇ ਦੇ ਖੇਤਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ। ਇਸ ਨਾਲ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ 22 ਜੁਲਾਈ ਤੱਕ ਫ਼ਸਲਾਂ ‘ਤੇ ਕਿਸੇ ਕਿਸਮ ਦੀ ਕੀਟਨਾਸ਼ਕ ਅਤੇ ਹੋਰ ਦਵਾਈਆਂ ਦਾ ਛਿੜਕਾਅ ਨਾ ਕਰੋ। Author: Malout Live