ਫੋਕਲ ਪੁਆਇੰਟ ਮਲੋਟ ਵਿਖੇ ਪਲਾਟ ਹੋਲਡਰ 30 ਨਵੰਬਰ ਤੱਕ ਉਸਾਰੀ ਸ਼ੁਰੂ ਕਰਨ: ਜੀਐਮ ਜ਼ਿਲਾ ਉਦਯੋਗ ਕੇਂਦਰ -ਪਲਾਟ ਹੋਲਡਰਾਂ ਲਈ ਇਕ ਹੋਰ ਮੌਕਾ
ਸ੍ਰੀ ਮੁਕਤਸਰ ਸਾਹਿਬ :- ਸਾਲ 2011-12 ਦੌਰਾਨ ਮੁੜ ਵਸੇਬਾ ਸਕੀਮ ਤਹਿਤ ਜੀ.ਟੀ.ਰੋਡ ’ਤੇ ਕੰਮ ਕਰਦੇ ਉਦਯੋਗਾਂ ਨੂੰ ਜੋ ਪਲਾਟ ਅਲਾਟ ਕੀਤੇ ਗਏ ਸਨ, ਉਨਾਂ ’ਚੋਂ ਜਿਹੜੇ ਲਾਭਪਾਤਰੀ ਉਸ ਸਮੇਂ ਲੋੜੀਂਦੀ ਅਦਾਇਗੀ ਨਹੀਂ ਕਰ ਸਕੇ ਸਨ, ਉਨਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸ. ਜਗਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਸ. ਅਜੈਬ ਸਿੰਘ ਭੱਟੀ ਦੇ ਯਤਨਾ ਸਦਕਾ ਫੋਕਲ ਪੁਆਇੰਟ ਮਲੋਟ ਦੀਆਂ ਬਹੁਤ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਲਾਭਪਾਤਰੀਆਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੀ.ਐਸ.ਆਈ.ਈ.ਸੀ. ਦੇ ਅਨੁਸਾਰ ਕੁੱਲ ਬਕਾਇਆ ਚਾਰ ਕਿਸ਼ਤਾਂ ਵਿੱਚ ਦੇਣ ਯੋਗ ਹੋਵੇਗਾ। ਪਹਿਲੀ ਕਿਸ਼ਤ 25% ਮਿਤੀ 31-8-2021 ਤੱਕ, ਦੂਸਰੀ ਕਿਸ਼ਤ 25% ਮਿਤੀ 31-10-2021 ਤੱਕ, ਤੀਸਰੀ 25% ਕਿਸ਼ਤ ਮਿਤੀ 31-12-2021 ਅਤੇ ਚੌਥੀ ਕਿਸ਼ਤ 25% ਮਿਤੀ 28-2-2022 ਤੱਕ ਭਰਨਯੋਗ ਹੋਵੇਗੀ। ਇਸ ਤੋਂ ਇਲਾਵਾ ਇਨਾਂ ਪਲਾਟ ਹੋਲਡਰਾਂ ਨੇ ਆਪਣਾ ਬਿਲਡਿੰਗ ਪਲਾਨ 30-10-2021 ਤੱਕ ਪੀ.ਐਸ.ਆਈ.ਈ.ਸੀ. ਨੂੰ ਪੇਸ਼ ਕਰਨਾ ਹੋਵੇਗਾ ਅਤੇ 30-11-2021 ਤੱਕ ਉਸਾਰੀ ਸ਼ੁਰੂ ਕਰਨੀ ਹੋਵੇਗੀ ਅਤੇ ਮਿਤੀ 31-3-2022 ਤੱਕ ਹਰ ਹਾਲ ਵਿੱਚ ਉਤਪਾਦਨ ਸ਼ੁਰੂ ਕਰਨਾ ਹੋਵੇਗਾ। ਪਹਿਲੀ ਕਿਸ਼ਤ 31-8-2021 ਤੱਕ ਭਰ ਕੇ ਆਪਣੇ ਪਲਾਟ ਦਾ ਕਬਜ਼ਾ ਲੈ ਸਕਦੇ ਹਨ। ਉਨਾਂ ਦੱਸਿਆ ਕਿ ਡਿਫਾਲਟਰ ਪਲਾਟ ਹੋਲਡਰਾਂ ਲਈ ਆਖਰੀ ਮੌਕਾ ਹੈ, ਇਸ ਤੋਂ ਬਾਅਦ ਕਿਸੇ ਵੀ ਤਰਾਂ ਦੀ ਸਮਾਂ ਸੀਮਾ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਾਰੇ ਮਲੋਟ ਫੋਕਲ ਪੁਆਇੰਟ ਦੇ ਪਲਾਟ ਹੋਲਡਰ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਹਨ। ਪਲਾਟ ਹੋਲਡਰਾਂ ਦਾ ਬਕਾਇਆ, ਐਕਸਟੈਨਸ਼ਨ ਫੀਸ ਵਿਆਜ ਸਮੇਤ ਸਬੰਧੀ ਨੋਟਿਸ ਪੀ.ਐਸ.ਆਈ.ਈ.ਸੀ. ਦੇ ਫੋਕਲ ਪੁਆਇੰਟ ਮਲੋਟ ਦੇ ਦਫਤਰ ਦੇ ਬਾਹਰ ਲਗਾ ਦਿੱਤਾ ਗਿਆ ਹੈ।