ਕਰੋਨਾ ਵਾਇਰਸ ਤੋਂ ਬਚਣ ਲਈ ਮਨਰੇਗਾ ਕਰਮਚਾਰੀਆਂ ਨੂੰ ਕੰਮ ਦੌਰਾਨ ਰੱਖਣੀਆਂ ਚਾਹੀਦੀਆਂ ਹਨ ਪੂਰੀਆਂ ਸਾਵਧਾਨੀਆਂ

,

ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ:
                                  ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕੋਵਿਡ -19 ਦੇ ਮੱਦੇਨਜਰ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਅਡਵਾਇਜਰੀ ਜਾਰੀ ਕੀਤੀ ਹੈ। ਇਹ ਜਾਣਕਾਰੀ ਡਾ. ਹਰੀ ਨਰਾਇਣ ਸਿੰਘ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ।
    ਉਹਨਾਂ ਅੱਗੇ ਦੱਸਿਆਂ ਕਿ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਅਤੇ ਪ੍ਰਸਾਰ ਨੂੰ ਕਾਬੂ ਕਰਨ ਲਈ ਲੋਕ ਹਿੱਤ ਵਿੱਚ ਸਾਰੇ 22 ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਕੇ ਲੋਕਾਂ ਦੀਆਂ ਗਤੀਵਿਧੀਆਂ ’ਤੇ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।
                                  ਸਰਕਾਰ ਨੇ ਮਨਰੇਗਾ ਅਧੀਨ ਕੰਮ ਕਰਨ ਵਾਲੇ ਕਾਮਿਆਂ ਦੀਆਂ ਮੁਸਕਲਾਂ ਨੂੰ ਘਟਾਉਣ ਲਈ ਜਰੂਰੀ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ  ਫਿਰ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰੂਰੀ ਦਿਸਾ ਨਿਰਦੇਸਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਜਰੂਰੀ ਹੈ।
                                  ਉਨ੍ਹਾਂ ਕਿਹਾ ਕਿ ਦਿਸਾ ਨਿਰਦੇਸਾਂ ਅਨੁਸਾਰ ਮਨਰੇਗਾ ਅਧੀਨ  ਕੰਮ ਕਰਨ ਵਾਲੇ ਕਾਮਿਆਂ  ਨੂੰ ਸੁਪਰਵਾਈਜਰੀ ਸਰਪੰਚ, ਜੀ.ਆਰ.ਐੱਸ.ਨਾਲ-ਨਾਲ ਕੰਮ ਸੁਰੂ ਕਰਨ ਵਾਲੇ ਖੇਤਰਾਂ ਵਿੱਚ ਨਿਰਦੇਸਾਂ ਦਾ ਪਾਲਣ ਕਰਨਾ ਚਾਹੀਦਾ ਹੈ।  ਉਹਨਾਂ ਅੱਗੇ ਦੱਸਿਆਂ ਕਿ ਸੁਪਰਵਾਈਜਰ ਇੱਕ ਵਿਆਪਕ ਕਾਰਜ ਯੋਜਨਾ ਇਸ ਢੰਗ ਨਾਲ ਵਿਕਸਤ ਕਰ ਸਕਦਾ ਹੈ ਕਿ ਉਹ ਕੰਮ ਵਾਲੀ ਥਾਂ ’ਤੇ ਰਿਪੋਰਟ ਕਰਨ ਦੇ ਸਮੇਂ ਤੇ ਮਨਰੇਗਾ ਕਰਮਚਾਰੀਆਂ ਨੂੰ ਕੰਮ ਦੌਰਾਨ ਆਰਾਮ ਦੇਣ ਦੇ ਸਮੇਂ ਵਿੱਚ ਕੁੱਝ ਫਾਸਲਾ ਰੱਖੇ ਜਿਸ ਨਾਲ ਕੰਮ ਵੀ ਸਮੇਂ ਸਿਰ ਮੁਕੰਮਲ ਹੋ ਜਾਵੇ ਤੇ ਕੰਮ ਵਿੱਚ ਕੋਈ ਰੁਕਾਵਟ ਵੀ ਨਾ ਆਵੇ। ਇਸੇ ਤਰ੍ਹਾਂ, ਕਾਰਜ ਖੇਤਰ ਨੂੰ ਕਾਰਜ ਵਾਲੀ ਥਾਂ ’ਤੇ ਇਸ ਤਰ੍ਹਾਂ ਨਿਰਧਾਰਤ ਕੀਤਾ ਜਾਵੇਗਾ ਕਿ ਮਨਰੇਗਾ ਕਰਮਚਾਰੀਆਂ ਦਰਮਿਆਨ ਘੱਟੋ-ਘੱਟ 1 ਮੀਟਰ ਦੀ ਸਮਾਜਿਕ ਦੂਰੀ ਦੇ ਨਿਯਮ ਨੂੰ ਕਾਇਮ ਰੱਖਿਆ ਜਾ ਸਕੇ।
   ਉਹਨਾਂ ਅੱਗੇ ਦੱਸਿਆਂ ਕਿ ਜੇਕਰ ਕਿਸੇ ਮਨਰੇਗਾ ਮਜਦੂਰ ਨੂੰ  ਬੁਖਾਰ ਜਾਂ ਹੋਰ ਲੱਛਣ ਜਿਵੇਂ ਖੰਘ ਸਾਹ ਲੈਣ ਵਿੱਚ ਤਕਲੀਫ ਮਹਿਸੂਸ  ਹੋਵੇ ਤਾਂ ਅਜਿਹੇ  ਕਰਮਚਾਰੀਆਂ ਨੂੰ ਘਰ ਵਿੱਚ ਹੀ ਰਹਿਣ ਅਤੇ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਮਨਰੇਗਾ ਵਰਕਰਾਂ ਨੂੰ ਸਲਾਹ ਦਿੱਤੀ ਜਾਏਗੀ ਕਿ ਉਹ ਕਿਸੇ ਨਾਲ ਹੱਥ ਨਾ ਮਿਲਾਉਣ ਜਾਂ ਕਿਸੇ ਨੂੰ ਗਲੇ ਨਾ ਲਗਾਉਣ। ਮਨਰੇਗਾ ਸਟਾਫ ਨੂੰ ਬਿਨਾਂ ਕੰਮ ਤੋਂ ਨਾ ਘੁੰਮਣ ਅਤੇ ਉਨ੍ਹਾਂ ਦੇ ਨਿਰਧਾਰਤ ਖੇਤਰ ਅਤੇ ਸਾਈਟ ਤੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਜਾਵੇ।
ਉਨ੍ਹਾਂ ਅੱਗੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਸਰਪੰਚ ਅਤੇ ਜੀ ਆਰ ਐਸ ਸਮੇਤ ਸਾਰਿਆਂ ਨੂੰ ਹਰ ਸਮੇਂ ਕੱਪੜੇ ਦੇ ਮਾਸਕ ਪਹਿਨਣੇ ਚਾਹੀਦੇ ਹਨ। ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਨੂੰ ਵੀ ਕਵਰ ਕਰੇ। ਕੱਪੜੇ ਦੇ ਮਾਸਕ ਨੂੰ ਵਰਤੋਂ ਬਾਅਦ ਰੋਜ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।
ਹੱਥ ਧੋਣ ਅਤੇ ਰੋਗਾਣੂ-ਮੁਕਤ ਕਰਨ ਸਬੰਧੀ ਦਿਸਾ-ਨਿਰਦੇਸਾਂ ਨੂੰ ਵਿਸਥਾਰ ਨਾਲ ਦੱਸਦਿਆਂ, ਉਨ੍ਹਾਂ ਕਿਹਾ ਕਿ ਕਾਰਜ ਵਾਲੀ ਥਾਂ ’ਤੇ ਲੋੜੀਂਦੀ ਮਾਤਰਾ ਵਿਚ ਪਾਣੀ ਅਤੇ ਸਾਬਣ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਮਨਰੇਗਾ ਵਰਕਰਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਜਦੋਂ ਵੀ ਹੱਥ ਧੋਣ ਦਾ ਮੌਕਾ ਮਿਲੇ, ਉਹ ਘੱਟੋ-ਘੱਟ ਹੱਥਾਂ ਨੂੰ 40 ਸੈਕਿੰਡ ਤੱਕ ਚੰਗੀ ਤਰ੍ਹਾਂ ਧੋਣ, ਨਾਲ ਹੀ ਉਹ ਹਥੇਲੀ, ਹੱਥ ਦਾ ਪਿਛਲਾ ਪਾਸਾ, ਉਂਗਲਾਂ ਅਤੇ ਅੰਗੂਠੇ ਵਿਚਕਾਰ ਵੀ ਚੰਗੀ ਤਰ੍ਹਾਂ ਸਾਬਣ ਤੇ ਪਾਣੀ ਨਾਲ ਹੱਥ ਸਾਫ ਕਰਨ। ਹਰ ਦੋ ਘੰਟੇ ਬਾਅਦ ਹੱਥ ਧੋਣ ਦੀ ਸਿਫਾਰਸ ਗਈ ਹੈ। ਉੱਪਰ ਦੱਸੇ ਅਨੁਸਾਰ ਕੰਮ ਸੁਰੂ ਕਰਨ ਤੋਂ ਪਹਿਲਾਂ ਅਤੇ ਕੰਮ ਕਰਨ ਤੋਂ ਬਾਅਦ ਹੱਥ ਲਾਜਮੀ ਤੌਰ ’ਤੇ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਜੇ ਕੋਈ ਮਨਰੇਗਾ ਕਰਮਚਾਰੀ ਤੇਜ ਬੁਖਾਰ,ਖੰਘ,ਛਿੱਕ,ਸਾਹ ਲੈਣ ਵਿੱਚ ਮੁਸਕਲ ਮਹਿਸੂਸ ਕਰੇ, ਤਾਂ ਉਹ ਖੁਦ ਸੁਪਰਵਾਈਜਰ ਨੂੰ ਇਸ ਦੀ ਜਰੂਰ  ਜਾਣਕਾਰੀ ਦੇਵੇ ਅਤੇ ਸਮੇਂ ਸਿਰ ਬੀਮਾਰੀ ਦਾ ਪਤਾ ਲਗਾਉਣ ਅਤੇ ਇਲਾਜ ਲਈ ਤੁਰੰਤ ਡਾਕਟਰੀ ਸਲਾਹ ਲਵੇ। ਮਨਰੇਗਾ ਕਰਮਚਾਰੀਆਂ ਨੂੰ ਇੱਕ ਦੂਜੇ ਤੋਂ ਇਨਫੈਕਸਨ ਨੂੰ ਰੋਕਣ ਲਈ ਉਹਨਾਂ ਨੂੰ ਇਕ ਦੂਜੇ ਨਾਲ ਦੁਪਹਿਰ ਦੇ ਖਾਣੇ/ਸਨੈਕਸ ਇੱਕਠਿਆਂ ਨਹੀਂ ਖਾਣੇ ਚਾਹੀਦੇ।
 ਜੇ ਕੋਈ ਕੰਮ ਦੌਰਾਨ ਸੰਪਰਕ ਵਿੱਚ ਆਉਣ ਕਰਕੇ ਕੋਵਿਡ-19 ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਕਿਸੇ ਨੂੰ ਹੈਲਪਲਾਈਨ ਨੰਬਰ 104  ਸਟੇਟ ਕੰਟਰੋਲ ਰੂਮ ਨੰਬਰ 0172-2920074 ਅਤੇ 08872090029 ਨੂੰ ਰਿਪੋਰਟ ਕਰਨੀ ਚਾਹੀਦੀ ਹੈ, ਤਾਂ ਜੋ ਬੀਮਾਰੀ ਦਾ ਸਹੀ ਕਾਰਨ ਪਤਾ ਲੱਗ ਸਕੇ ਤੇ ਪੀੜਤ ਦੀ ਅਗਲੇਰੀ ਕਾਰਵਾਈ ਲਈ ਡਾਕਟਰ ਦੀ ਸਹਾਇਤਾ ਕੀਤੀ ਜਾ ਸਕੇ।