Malout News

ਮਲੋਟ ਭਰੇ ਬਜਾਰ ਪਿਸਤੌਲ ਨਾਲ ਗੋਲੀਆਂ ਚਲਾ ਕੇ 1 ਕਤਲ ਤੇ 3 ਜਖਮੀ ਕਰਨ ਵਾਲੇ ਤੇ ਪਰਚਾ ਦਰਜ

ਮਲੋਟ (ਆਰਤੀ ਕਮਲ) : ਬੀਤੀ ਦੇਰ ਸ਼ਾਮ ਮਲੋਟ ਸ਼ਹਿਰ ਦੇ ਗੁੜ ਬਜਾਰ ਵਿਖੇ ਇਕ ਦੁਕਾਨ ਵਿਚ ਸ਼ਰੇਆਮ ਗੋਲੀਆਂ ਚਲਾ ਕੇ ਇਕ ਕਤਲ ਕਰਨ ਵਾਲੇ ਦੀ ਅਖੀਰ ਪਹਿਚਾਣ ਕਰ ਲਈ ਗਈ ਅਤੇ ਉਸਦੀ ਕਤਲ ਕਰਦੇ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਗਈ । ਉਧਰ ਪੁਲਿਸ ਵੱਲੋਂ ਵੀ ਉਕਤ ਕਾਤਲ ਖਿਲਾਫ ਪਰਚਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ । ਇਸ ਸਬੰਧੀ ਘਟਨਾ ਸਥੱਲ ਅਤੇ ਆਸਪਾਸ ਦੇ ਦੁਕਾਨਦਾਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਕਾਤਲ ਪਹਿਲਾਂ ਦੁਕਾਨ ਮਾਲਕਾਂ ਦੇ ਘਰ ਦਸ਼ਮੇਸ਼ ਕਲੋਨੀ ਜਾਂਦਾ ਹੈ ਜਿਥੇ ਉਹ ਘਰ ਵਿਚ ਮੌਜੂਦ ਨੂੰਹ (ਹਰਪ੍ਰੀਤ ਕੌਰ) ਸੱਸ (ਗੁਰਜੀਤ ਕੌਰ) ਤੇ ਗੋਲੀ ਚਲਾਉਂਦਾ ਹੈ ।

ਦੋਹੇਂ ਔਰਤਾਂ ਨੂੰ ਜਖਮੀ ਕਰਕੇ ਉਕਤ ਵਿਅਕਤੀ ਆਪਣੀ ਆਈ 20 ਕਾਰ ਤੇ ਮਲੋਟ ਦੇ ਗੁੜ ਬਜਾਰ ਸਥਿਤ ਭਾਈ ਈਸ਼ਰ ਸਿੰਘ ਭਾਂਡਿਆ ਵਾਲਿਆਂ ਦੀ ਦੁਕਾਨ ਤੇ ਆਉਂਦਾ ਹੈ । ਦੁਕਾਨ ਵਿਚ ਉਸ ਵਕਤ ਇਕ ਮੁਲਾਜਮ ਅਤੇ ਦੁਕਾਨਦਾਰ ਦਾ ਬੇਟਾ ਮੌਜੂਦ ਸਨ । ਉਕਤ ਵਿਅਕਤੀ ਦੋਹਾਂ ਤੇ ਗੋਲੀ ਚਲਾਉਂਦਾ ਹੈ ਜਿਸ ਨਾਲ ਮੁਲਾਜਮ ਬਬਲੂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਹਰਪਾਲ ਸਿੰਘ ਨਾਮ ਦਾ ਮਾਲਕ ਦੇ ਬੇਟਾ ਜਖਮੀ ਹੋ ਜਾਂਦਾ ਹੈ । ਦੁਕਾਨ ਤੋਂ ਬਾਹਰ ਆ ਕੇ ਵੀ ਉਕਤ ਨੌਜਵਾਨ ਹਵਾਈ ਫਾਇਰ ਕਰਦਾ ਹੋਇਆ ਮੌਕੇ ਤੋਂ ਫਰਾਰ ਹੋ ਜਾਂਦਾ ਹੈ । ਘਰ ਅਤੇ ਦੁਕਾਨ ਵਿਚ ਮੌਜੂਦ ਤਿੰਨੇ ਜਖਮੀਆਂ ਨੂੰ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ ਜਿਥੇ ਉਹਨਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਬਠਿੰਡਾ ਰੈਫਰ ਕਰ ਦਿੱਤਾ ਗਿਆ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਚਲਾਉਣ ਵਾਲਾ ਨੌਜਵਾਨ ਗੁਰਸੇਵਕ ਸਿੰਘ ਭੱਟੀ ਲੰਬੀ ਦੇ ਸਰਕਾਰੀ ਸਕੂਲ ਵਿਖੇ ਲੈਬ ਅਸਿਸਟੈਂਟ ਹੈ ਜਦਕਿ ਦੁਕਾਨਦਾਰ ਦੀ ਧੀ ਹਰਪ੍ਰੀਤ ਕੌਰ ਵੀ ਉਸੇ ਸਕੂਲ ਵਿਚ ਲੈਕਚਰਾਰ ਹੈ । ਪੁਲਿਸ ਵੱਲੋਂ ਹਰਪਾਲ ਸਿੰਘ ਦੇ ਬਿਆਨਾਂ ਤੇ ਕਤਲ ਦੀਅ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਹਰਪਾਲ ਦੇ ਦੱਸਣ ਅਨੁਸਾਰ ਉਕਤ ਗੋਲੀ ਚਲਾਉਣ ਵਾਲੇ ਅਤੇ ਹਰਪ੍ਰੀਤ ਕੌਰ ਵਿਚਕਾਰ ਪਹਿਲਾਂ ਕਹਾਸੁਣੀ ਹੋਈ ਸੀ ਜਿਸ ਦੀ ਰੰਜਿਸ਼ ਵਜੋਂ ਉਕਤ ਵਿਅਕਤੀ ਨੇ ਸਾਰੇ ਪਰਿਵਾਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ । ਉਧਰ ਦੁਕਾਨ ਦੇ ਜਖਮੀ ਮੁਲਾਜਮ ਬਬਲੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਥਾਣਾ ਸਿਟੀ ਮੂਹਰੇ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਗਿਆ ਕਿ ਗੋਲੀ ਲੱਗਣ ਉਪਰੰਤ ਉਹਨਾਂ ਦੇ ਬੇਟੇ ਨੂੰ ਹਸਪਤਾਲ ਕਿਉਂ ਨਹੀ ਲਜਾਇਆ ਗਿਆ ਅਤੇ ਉਸ਼ਨੂੰ ਆਪੇ ਹੀ ਮ੍ਰਿਤਕ ਕਿਵੇਂ ਸਮਝ ਲਿਆ ਗਿਆ । ਪੁਲਿਸ ਵੱਲੋਂ ਮਾਮਲੇ ਦੀ ਛਾਣਬੀਣ ਹਾਲੇ ਜਾਰੀ ਹੈ ਅਤੇ ਕਾਤਲ ਦੀ ਵੀ ਵੱਡੇ ਪੱਧਰ ਤੇ ਭਾਲ ਕੀਤੀ ਜਾ ਰਹੀ ਹੈ । ਇਸ ਘਟਨਾ ਨਾਲ ਜਿਥੇ ਸ਼ਹਿਰ ਵਿਚ ਬੀਤੀ ਸ਼ਾਮ ਤੋਂ ਹੀ ਡਰ ਦਾ ਮਹੌਲ ਹੈ ਉਥੇ ਹੀ ਕਤਲ ਨੂੰ ਲੈ ਕੇ ਭਾਂਤ ਭਾਂਤ ਦੀਆਂ ਚਰਚਾਵਾਂ ਵੀ ਜੋਰਾਂ ਤੇ ਹਨ ।

Leave a Reply

Your email address will not be published. Required fields are marked *

Back to top button