ਪ੍ਰਸਿੱਧ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਤੇ ਬੇਟੀ ਗੀਆਨਾ ਦੀ ਹੈਲੀਕਾਪਟਰ ਕ੍ਰੈਸ਼ ‘ਚ ਮੌਤ

ਅਮਰੀਕੀ ਬਾਸਕਟਬਾਲ ਲੀਗ ‘ਐੱਨ. ਬੀ. ਏ. ਦੇ ਪ੍ਰਸਿੱਧ ਖਿਡਾਰੀ ਕੋਬੀ ਬ੍ਰਾਇੰਟ ਤੇ ਉਨ੍ਹਾਂ ਦੀ ਧੀ ਗੀਆਨਾ ਮਾਰੀਆ ਦੀ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ। ਕੋਬੀ ਆਪਣੇ ਨਿੱਜੀ ਹੈਲੀਕਾਪਟਰ ‘ਚ ਸਨ। ਇਹ ਹਾਦਸਾ ਲਾਸ ਐਂਜਲਸ ਤੋਂ ਕਰੀਬ 65 ਕਿਲੋਮੀਟਰ ਦੂਰ ਹੋਇਆ ਜਿੱਥੇ ਹਵਾ ‘ਚ ਹੈਲੀਕਾਪਟਰ ‘ਚ ਅੱਗ ਲਗ ਗਈ ਅਤੇ ਇਸ ਤੋਂ ਬਾਅਦ ਉਹ ਆਪਣਾ ਸੰਤੁਲਨ ਗੁਆਉਂਦੇ ਹੋਏ ਝਾੜੀਆਂ ‘ਚ ਡਿੱਗਿਆ। ਅਮਰੀਕਾ ਦੇ ਕੈਲੀਫੋਰਨੀਆ ਦੇ ਕੈਲਾਬੈਸਲ ‘ਚ ਹੋਏ ਇਸ ਹਾਦਸੇ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਕੋਬੀ ਦੇ ਫੈਨਜ਼ ਅਤੇ ਖੇਡ ਦੀ ਦੁਨੀਆ ‘ਚ ਦੁਖ ਦਾ ਮਾਹੌਲ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਬੀ ਬ੍ਰਾਇੰਟ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀ ਹੋਣ ਦੇ ਬਾਅਦ ਵੀ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਸੀ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ. ਉਹ ਭਵਿੱਖ ਲਈ ਆਸ਼ਾਵਾਦੀ ਸੀ. ਉਸਦੀ ਬੇਟੀ ਗਿਆਨਾ ਦੀ ਮੌਤ ਇਸ ਘਟਨਾ ਨੂੰ ਹੋਰ ਵੀ ਦੁਖਦਾਈ ਬਣਾਉਂਦੀ ਹੈ।