ਪਾਕਿਸਤਾਨ : ਟਰੇਨ 'ਚ ਅੱਗ ਕਾਰਨ 65 ਲੋਕਾਂ ਦੀ ਮੌਤ

ਪਾਕਿਸਤਾਨ ਦੀ 'ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ' 'ਚ ਵੀਰਵਾਰ ਸਵੇਰੇ ਧਮਾਕਾ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ 65 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 30 ਯਾਤਰੀ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਰੇਲਵੇ ਯਾਤਰੀਆਂ ਮੁਤਾਬਕ ਖਾਣਾ ਪਕਾਉਣ ਲਈ ਵਰਤੇ ਗਏ ਗੈਸ ਸਿਲੰਡਰ 'ਚ ਧਮਾਕਾ ਹੋਇਆ ਅਤੇ ਟਰੇਨ ਦੀਆਂ 3 ਬੋਗੀਆਂ ਅੱਗ ਦੇ ਹਵਾਲੇ ਹੋ ਗਈਆਂ। ਪਾਕਿਸਤਾਨੀ ਮੀਡੀਆ ਮੁਤਾਬਕ ਟਰੇਨ ਵੀਰਵਾਰ ਸਵੇਰੇ ਰਹੀਮ ਯਾਰ ਖਾਨ ਰੇਲਵੇ ਸਟੇਸ਼ਨ ਦੇ ਨੇੜੇ ਲਿਆਕਤਪੁਰ ਕੋਲ ਪੁੱਜੀ ਹੀ ਸੀ ਕਿ ਇਸ 'ਚ ਧਮਾਕਾ ਹੋਇਆ। ਪਾਕਿ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਅੱਗ ਇਕ ਸਿਲੰਡਰ 'ਚ ਧਮਾਕੇ ਕਾਰਨ ਲੱਗੀ, ਜਦ ਸਵੇਰੇ ਯਾਤਰੀ ਆਪਣੇ ਨਾਸ਼ਤੇ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ ਟਰੇਨ ‘ਚ ਗੈਸ ਚੁੱਲ੍ਹਾ ਬਾਲਣਾ ਗੈਰ-ਕਾਨੂੰਨੀ ਹੈ ਪਰ ਕੁੱਝ ਲੋਕਾਂ ਨੇ ਇਹ ਗਲਤੀ ਕੀਤੀ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਟਰੇਨ 'ਚ ਸਵਾਰ ਕਾਫੀ ਯਾਤਰੀ ਸੌਂ ਰਹੇ ਸਨ। ਅੱਗ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਕਈ ਲੋਕਾਂ ਦੀ ਮੌਤ ਹੋ ਗਈ ਤੇ ਬਾਕੀ ਕੁਝ ਗੰਭੀਰ ਜ਼ਖਮੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਅਤੇ ਅਧਿਕਾਰੀਆਂ ਨੂੰ ਚੰਗੇ ਇਲਾਜ ਦੇ ਹੁਕਮ ਦਿੱਤੇ। ਉਨ੍ਹਾਂ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ।