ਸਿੱਖ ਭਾਈਚਾਰੇ ਨੇ ਯੂ. ਏ. ਈ. ਦੀ ਡੈਲੀਗੇਸ਼ਨ ਦਾ ਕੀਤਾ ਭਰਵਾਂ ਸਵਾਗਤ
ਵਾਸ਼ਿੰਗਟਨ:- 'ਸੰਯੁਕਤ ਅਰਬ ਅਮੀਰਾਤ' ਦੇ ਪ੍ਰਤੀਨਿਧੀ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਸੱਦੇ 'ਤੇ ਵਾਸ਼ਿੰਗਟਨ ਆਏ । ਇਨ੍ਹਾਂ ਪ੍ਰਤੀਨਿਧੀਆਂ 'ਚ ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਪ੍ਰਧਾਨ ਅਤੇ ਮਸ਼ਹੂਰ ਕਾਰੋਬਾਰੀ ਆਗੂ ਸੁਰਿੰਦਰ ਸਿੰਘ ਕੰਧਾਰੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ 12 ਮੈਂਬਰਾਂ ਦਾ ਵਫਦ ਵੀ ਪੁੱਜਾ, ਜਿਨ੍ਹਾਂ 'ਚ ਦੁਬਈ ਵੱਸਦੇ ਸਿੱਖ ਮੈਂਬਰਾਂ ਤੋਂ ਇਲਾਵਾ ਇਕ ਯਹੂਦੀ ਅਤੇ ਇਕ ਮਸੀਹੀ ਮੈਂਬਰ ਵੀ ਸ਼ਾਮਲ ਸੀ।ਜ਼ਿਕਰਯੋਗ ਹੈ ਕਿ ਦੁਬਈ ਦਾ ਗੁਰਦੁਆਰਾ ਭਾਰਤ ਤੋਂ ਬਾਹਰ ਸਭ ਤੋਂ ਵੱਡੇ ਗੁਰਦੁਆਰਿਆਂ 'ਚੋਂ ਇੱਕ ਹੈ ਅਤੇ ਕੌਮਾਂਤਰੀ ਸਿੱਖ ਭਾਈਚਾਰੇ ਲਈ ਮਹੱਤਵਪੂਰਣ ਮੀਲ ਪੱਥਰ ਹੈ। ਇਸ ਡੈਲੀਗੇਸ਼ਨ ਨੂੰ ਮਿਲਣ ਲਈ ਵਾਸ਼ਿੰਗਟਨ ਏਰੀਏ ਦੇ ਬਹੁਤ ਸਾਰੇ ਮੁੱਖ ਮੈਂਬਰ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ। ਯੂ. ਏ. ਈ. ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ 'ਵਿਸ਼ਵ ਕੌਂਸਲ ਆਫ ਮੁਸਲਿਮ ਕਮਿਊਨਿਟੀ' ਦੇ ਪ੍ਰਧਾਨ ਡਾ. ਅਲੀ ਰਾਸ਼ੀਲ ਅਲਨੂਈਮੀ ਨੇ ਸਿੱਖਾਂ ਵੱਲੋਂ ਖਾਣੇ ਦੀ ਦਾਵਤ ਦਾ ਵਿਸ਼ੇਸ਼ ਧੰਨਵਾਦ ਕੀਤਾ। ਕੌਂਮੀ ਸਿੱਖ ਮੁਹਿੰਮ ਦੇ ਸਹਿ-ਸੰਸਥਾਪਕ ਡਾ. ਰਾਜਵੰਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਸਕੱਤਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ, “ਸਾਨੂੰ ਯੂ. ਏ. ਈ. ਦੀ ਲੀਡਰਸ਼ਿਪ 'ਤੇ ਦੇਸ਼ 'ਚ ਇੱਕ ਸਾਰੇ ਧਰਮਾਂ ਦੇ ਸਤਿਕਾਰ ਵਾਲਾ ਵਾਤਾਵਰਣ ਮੁਹੱਈਆ ਕਰਵਾਉਣ 'ਤੇ ਬਹੁਤ ਮਾਣ ਹੈ। ਡਾ. ਅਲੀ ਨੇ ਕਿਹਾ,“ਅਸੀਂ ਇਸ ਸਹਿਣਸ਼ੀਲ ਸਮਾਜ ਦਾ ਪਾਲਣ ਕਰਨਾ ਜਾਰੀ ਰੱਖਾਂਗੇ ਅਤੇ ਸਾਨੂੰ ਮਾਣ ਹੈ ਕਿ ਸੰਯੁਕਤ ਅਰਬ ਅਮੀਰਾਤ ਦੁਨੀਆਂ ਭਰ ਦੇ 200 ਤੋਂ ਵੱਧ ਵਿਆਪਕ ਭਾਈਚਾਰੇ ਦਾ ਘਰ ਹੈ।'' ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ, “ਯੂ. ਏ. ਈ. ਦੇ ਲੀਡਰਸ਼ਿਪ ਨੂੰ ਆਪਣੇ ਦੇਸ਼ ਨੂੰ ਨਵੀਂ ਦਿਸ਼ਾ ਵੱਲ ਲੈ ਜਾਣ ਦਾ ਇੱਕ ਦ੍ਰਿੜ ਇਰਾਦਾ ਸੀ ਅਤੇ ਹੁਣ ਯੂ. ਏ. ਈ. ਨੂੰ ਇੱਕ ਮੁੱਖ ਉਦਾਹਰਣ ਵਜੋਂ ਦੇਖਿਆ ਜਾ ਰਿਹਾ ਹੈ। ਅਸੀਂ ਯੂ. ਏ. ਈ. ਦੇ ਨੇਤਾਵਾਂ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਗੁਰਦੁਆਰੇ ਦੀ ਉਸਾਰੀ ਲਈ ਮੁਫ਼ਤ ਜ਼ਮੀਨ ਦਿੱਤੀ ਸੀ ਅਤੇ ਇਸ ਸ਼ਾਨਦਾਰ ਇਮਾਰਤ ਨੂੰ ਬਣਾਉਣ ਲਈ ਮਦਦ ਦੀ ਕੀਤੀ ਸੀ। ਹੁਣ ਅਸੀਂ ਹਫਤੇਵਾਰ 15 ਹਜ਼ਾਰ ਲੋਕਾਂ ਦੀ ਸੇਵਾ ਕਰ ਸਕਦੇ ਹਾਂ। “ਦੁਬਈ ਦੀ ਵਫਦ ਦੇ ਇਕ ਯਹੂਦੀ ਮੈਂਬਰ ਰੌਸ ਕੈਰੀਲ ਨੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ,“ਦੁਬਈ ਵਿਚ ਯਹੂਦੀ ਸਮਾਜ ਨਵਾਂ ਹੈ ਪਰ ਅਸੀਂ ਸਿੱਖਾਂ ਦੀ ਸੰਸਥਾ ਅਤੇ ਸੇਵਾ ਦੇ ਭਾਵ ਤੋਂ ਪ੍ਰਭਾਵਿਤ ਹਾਂ। ਦੁਬਈ ਤੋਂ ਸੀਨੀਅਰ ਪਾਦਰੀ ਜਰਮੀ ਰਿੰਨੇ ਨੇ ਕਿਹਾ,“ਸਾਡੇ ਬਹੁਤ ਸਾਰੇ ਧਰਮ ਸਾਨੂੰ ਆਪਣੇ ਗੁਆਂਢੀਆਂ ਨੂੰ ਪਛਾਣਨ ਅਤੇ ਸਨਮਾਨ ਕਰਨਾ ਸਿਖਾਉਂਦੇ ਹਨ ਅਤੇ ਇੰਝ ਕਰਨਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ।''