ਦੇਸ਼ਧ੍ਰੋਹ ਮਾਮਲੇ 'ਚ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ,

ਇਸਲਾਮਾਬਾਦ:- ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਅੱਜ ਭਾਵ ਮੰਗਲਵਾਰ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਵਕਾਰ ਅਹਿਮਦ ਸੇਠ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਅਦਾਲਤ ਦੀ 3 ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਸਜ਼ਾ ਸੁਣਾਈ। ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। 76 ਸਾਲਾ ਮੁਸ਼ੱਰਫ ਫਿਲਹਾਲ ਦੁਬਈ ਵਿਚ ਹਨ। ਸਾਬਕਾ ਮਿਲਟਰੀ ਮੁਖੀ ਮਾਰਚ ਵਿਚ ਇਲਾਜ ਲਈ ਦੁਬਈ ਗਏ ਸਨ ਅਤੇ ਸੁਰੱਖਿਆ ਤੇ ਸਿਹਤ ਦਾ ਹਵਾਲਾ ਦੇ ਕੇ ਉਦੋਂ ਤੋਂ ਦੇਸ਼ ਨਹੀਂ ਪਰਤੇ ਹਨ। ਡਾਨ ਅਖਬਾਰ ਦੀ ਖਬਰ ਮੁਤਾਬਕ ਵਿਸ਼ੇਸ਼ ਅਦਾਲਤ ਨੇ 19 ਨਵੰਬਰ ਨੂੰ ਸੁਰੱਖਿਅਤ ਰੱਖਿਆ ਗਿਆ ਫੈਸਲਾ ਸੁਣਾਇਆ ਹੈ। ਵਿਸ਼ੇਸ਼ ਅਦਾਲਤ ਦੀ ਇਸ ਬੈਂਚ ਵਿਚ ਨਿਆਂਮੂਰਤੀ ਸੇਠ, ਸਿੰਧ ਉੱਚ ਅਦਾਲਤ ਦੇ ਨਿਆਂਮੂਰਤੀ ਨਜ਼ਰ ਅਕਬਰ ਅਤੇ ਲਾਹੌਰ ਹਾਈ ਕੋਰਟ ਦੇ ਨਿਆਂਮੂਰਤੀ ਸ਼ਾਹਿਦ ਕਰੀਮ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਮੁਸ਼ੱਰਫ ਨੇ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਇਸਲਾਮਾਬਾਦ ਦੀ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਮੁਕੱਦਮੇ ਦੀ ਪੈਂਡਿੰਗ ਕਾਰਵਾਈ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਇਹ ਸੀ ਮਾਮਲਾ ਇਹ ਮਾਮਲਾ 2007 ਵਿਚ ਸੰਵਿਧਾਨ ਨੂੰ ਮੁਅੱਤਲ ਕਰਨ ਅਤੇ ਦੇਸ਼ ਵਿਚ ਐਮਰਜੈਂਸੀ ਲਗਾਉਣ ਦਾ ਹੈ ਜੋ ਇਕ ਸਜ਼ਾ ਯੋਗ ਅਪਰਾਧ ਹੈ। 3 ਨਵੰਬਰ, 2007 ਨੂੰ ਐਮਰਜੈਂਸੀ ਸਥਿਤੀ ਲਈ ਮੁਸ਼ੱਰਫ 'ਤੇ ਦਸੰਬਰ 2013 ਵਿਚ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਨੂੰ 31 ਮਾਰਚ, 2014 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿਚ ਉਹਨਾਂ ਵਿਰੁੱਧ 2014 ਵਿਚ ਦੋਸ਼ ਤੈਅ ਕੀਤੇ ਗਏ ਸਨ।