ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਮੁਸਲਮਾਨਾਂ ਨੇ ਕੀਤੀ ਪੱਥਰਬਾਜ਼ੀ

ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਕੱਲ ਸ਼ਾਮ ਹੋਏ ਪ੍ਰਦਰਸ਼ਨ ਕਾਰਨ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ 'ਚ ਘਬਰਾਹਟ ਦਾ ਮਾਹੌਲ ਹੈ। ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਨੇ ਸ਼ੁੱਕਰਵਾਰ ਸ਼ਾਮ ਇਕੱਠੇ ਹੋ ਕੇ ਗੁਰਦੁਆਰੇ ਬਾਹਰ ਧਰਨਾ ਦਿੱਤਾ ਤੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਇੱਥੇ ਸਿੱਖਾਂ ਨੂੰ ਨਹੀਂ ਰਹਿਣ ਦੇਣਗੇ ਤੇ ਸ਼ਹਿਰ ਨਨਕਾਣਾ ਦਾ ਨਾਂ ਵੀ ਬਦਲ ਦੇਣਗੇ। ਪੁਲਸ ਹਾਲਾਤ ਨੂੰ ਕਾਬੂ ਕਰਨ ਲਈ ਪੁੱਜੀ ਪਰ ਫਿਰ ਵੀ ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਉਸ ਜਗ੍ਹਾ ਦਾ ਨਾਮ ਨਨਕਾਣਾ ਸਾਹਿਬ ਤੋਂ ਗੁਲਾਮ-ਏ-ਮੁਸਤਫਾ ਕਰਵਾਂਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੋਈ ਵੀ ਸਿੱਖ ਨਨਕਾਣਾ ਵਿੱਚ ਨਹੀਂ ਰਹੇਗਾ। ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਕਰਦਿਆਂ ਕਈ ਪੱਥਰਬਾਜਾਂ ਨੂੰ ਗ੍ਰਿਫਤਾਰ ਕਰ ਲਿਆ। ਪੱਥਰਬਾਜ਼ੀ ਦੇ ਸਮੇਂ ਕਈ ਲੋਕ ਗੁਰਦੁਆਰਾ ਸਾਹਿਬ ‘ਚ ਹੀ ਫਸ ਗਏ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਪਾਕਿਸਤਾਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਪਵਿੱਤਰ ਨਨਕਾਣਾ ਸਾਹਿਬ 'ਚ ਸਿੱਖਾਂ ਦੇ ਨਾਲ ਹਿੰਸਾ ਹੋਈ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਆਖਿਆ ਕਿ ਭਾਰਤ ਇਸ ਪਵਿੱਤਰ ਸਥਾਨ 'ਤੇ ਭੰਨ-ਤੋੜ ਅਤੇ ਬੇਅਦਬੀ ਦੀਆਂ ਹਰਕਤਾਂ ਦੀ ਸਖਤ ਨਿੰਦਾ ਕਰਦਾ ਹੈ। ਅਸੀਂ ਪਾਕਿਸਤਾਨ ਸਰਕਾਰ ਤੋਂ ਸਿੱਖਾਂ ਦੀ ਸੁਰੱਖਿਆ ਅਤੇ ਕਲਿਆਣ ਯਕੀਨਨ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ। ਇਵੈਕਯੂ ਟਰੱਸਟ ਪ੍ਰਾਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਪੀ. ਟੀ. ਆਈ. ਭਾਸ਼ਾ ਨੂੰ ਆਖਿਆ ਕਿ ਹਸਨ ਦੇ ਪਰਿਵਾਰ ਦੇ ਮੈਂਬਰਾਂ ਨੇ ਸਿੱਖ ਕੁੜੀ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਹੋਈ ਆਪਣੇ ਕੁਝ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਖਿਲਾਫ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਬਾਹਰ ਸ਼ੁੱਕਰਵਾਰ ਨੂੰ ਧਰਨਾ ਦਿੱਤਾ। ਮੀਡੀਆ 'ਚ ਇਸ ਗੁਰਦੁਆਰੇ 'ਚ ਭੰਨਤੋੜ ਦੀ ਭਾਰਤ ਵੱਲੋਂ ਸਖਤ ਨਿੰਦਾ ਕੀਤੇ ਜਾਣ ਦੀਆਂ ਖਬਰਾਂ ਦੇ ਸਬੰਧ 'ਚ ਪੁੱਛੇ ਜਾਣ 'ਤੇ ਹਾਸ਼ਮੀ ਨੇ ਆਖਿਆ ਕਿ ਪ੍ਰਦਰਸ਼ਨ ਸ਼ਾਂਤੀਪੂਰਣ ਹੈ। ਉਥੇ ਹੀ ਪੁਲਸ ਵੱਲੋਂ ਇਕ ਵਿਅਕਤੀ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ।