ਨੌਜਵਾਨ ਪੀੜੀ ਲਈ ਸਿੱਖ ਇਤਿਹਾਸ ਨੂੰ ਪੜ੍ਹਨਾ ਅਤੇ ਸਮਝਣਾ ਬਹੁਤ ਜ਼ਰੂਰੀ- ਬਾਬਾ ਬਲਜੀਤ ਸਿੰਘ

ਮਲੋਟ: ਨੌਜਵਾਨ ਪੀੜੀ ਲਈ ਸਿੱਖ ਇਤਿਹਾਸ ਨੂੰ ਪੜ੍ਹਨਾ ਅਤੇ ਸਮਝਨਾ ਬਹੁਤ ਜਰੂਰੀ ਹੈ ਤਾਂ ਜੋ ਇਹ ਨੌਜਵਾਨ ਆਪਣੇ ਮਹਾਨ ਸਿੱਖੀ ਵਿਰਸੇ ਨਾਲ ਆਪ ਮੁਹਾਰੇ ਜੁੜ ਸਕਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਇੱਕ ਸਮਾਗਮ ਦੌਰਾਨ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨਾਲ ਸਾਂਝੇ ਕਰਦਿਆਂ ਕਿਹਾ ਕਿ ਅੱਜ ਦਾ ਨੌਜਵਾਨ ਮੋਬਾਇਲ, ਲੈਪਟਾਪ ਅਤੇ ਹੋਰ ਆਧੁਨਿਕ ਸਾਧਨਾਂ ਨਾਲ ਜੁੜਿਆ ਹੈ ਅਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਅਜੋਕੇ ਸਾਧਨਾਂ ਭਾਵ ਮੋਬਾਇਲ ਆਦਿ 'ਤੇ ਵੀ ਸਿੱਖ ਇਤਿਹਾਸ ਨੂੰ ਇੰਟਰਨੈਟ ਰਾਹੀਂ ਪੜ੍ਹਿਆ ਜਾ ਸਕਦਾ ਹੈ, ਗੁਰਬਾਣੀ ਨੂੰ ਪੂਰੀ ਵਿਆਖਿਆ ਸਾਹਿਤ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ।

ਬਾਬਾ ਬਲਜੀਤ ਸਿੰਘ ਨੇ ਪੜ੍ਹੇ-ਲਿਖੇ ਪਰਿਵਾਰਾਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਜਿੱਥੇ ਖੁੱਦ ਮੋਬਾਇਲ 'ਤੇ ਘੱਟ ਸਮਾਂ ਬਿਤਾ ਕੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਨਿਤਨੇਮ ਦੀਆਂ ਬਾਣੀਆਂ ਸੁਣਨੀਆਂ ਪੜ੍ਹਨੀਆਂ ਵੀ ਦੱਸਣ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਮਨਾਏ ਤਾਂ ਹੀ ਸਫ਼ਲ ਹਨ, ਜੇਕਰ ਸਾਡੇ ਸਿੱਖ ਨੌਜਵਾਨ ਬੱਚੇ-ਬੱਚੀਆਂ ਨੂੰ ਇਹਨਾਂ ਅਦੁੱਤੀ ਸ਼ਹਾਦਤਾਂ ਦੀ ਪੂਰੀ ਜਾਣਕਾਰੀ ਹੋਵੇ ਅਤੇ ਫਿਰ ਉਹ ਦੂਜੀਆਂ ਕੌਮਾਂ ਨੂੰ ਆਪਣੇ ਮਹਾਨ ਵਿਰਸੇ ਦੀ ਅੱਗੇ ਜਾਣਕਾਰੀ ਦੇਣ। ਸਮਾਗਮ ਉਪਰੰਤ ਸੰਗਤ ਨੂੰ ਗੁਰੂ ਕਾ ਲੰਗਰ ਆਪ ਵਰਤਾ ਕੇ ਬਾਬਾ ਜੀ ਨੇ ਕਿਹਾ ਕਿ ਸੇਵਾ ਅਤੇ ਸਿਮਰਨ ਹੀ ਗੁਰੂ ਸਾਹਿਬਾਨ ਦੀ ਮੁੱਖ ਸਿੱਖਿਆ ਹੈ। ਉਹਨਾਂ ਕਿਹਾ ਕਿ ਸੰਗਤ ਵਿੱਚ ਹੀ ਗੁਰੂ ਆਪ ਵਰਸਦਾ ਹੈ ਇਸ ਲਈ ਸਮੂਹ ਮਾਈ-ਭਾਈ ਨੂੰ ਮਨ ਲਾ ਕੇ ਹਰ ਤਰ੍ਹਾਂ ਦੀ ਸੇਵਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ। Author: Malout Live