ਜ਼ਿਲਾ ਬਠਿੰਡਾ 'ਚ ਵਧਿਆ ਸਮੋਗ ਦਾ ਕਹਿਰ, ਰਾਤ 'ਚ ਬਦਲਿਆ ਦਿਨ
ਬਠਿੰਡਾ:- ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪਰਾਲੀ ਸਾੜੇ ਜਾਣਾ ਲਗਾਤਾਰ ਜਾਰੀ ਹੈ, ਜਿਸ ਨਾਲ ਸਮੋਗ ਦਾ ਕਹਿਰ ਪਿਛਲੇ ਦਿਨਾਂ ਦੇ ਮੁਕਾਬਲੇ ਜ਼ਿਆਦਾ ਵਧਣ ਲੱਗਾ ਹੈ। ਦੀਵਾਲੀ ਦੇ ਪਟਾਕਿਆਂ ਦੇ ਧੂੰਏਂ,ਪਰਾਲੀ ਨੂੰ ਅੱਗ ਲਾਉਣ ਵਾਲੇ ਧੂੰਏਂ ਅਤੇ ਧੁੰਦ ਨਾਲ ਮਿਲ ਕੇ ਬਣੀ ਸਮੋਗ ਦੀ ਸਥਿਤੀ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪੂਰਾ ਜ਼ਿਲਾ ਬਠਿੰਡਾ ਧੂੰਏਂ ਦੀ ਚਾਦਰ 'ਚ ਲਿਪਟ ਗਿਆ ਹੈ ਅਤੇ ਲੋਕਾਂ ਨੂੰ ਸਾਹ ਲੈਣ 'ਚ ਵੀ ਮੁਸ਼ਕਿਲ ਆਉਣ ਲੱਗੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਧੂੰਏਂ ਕਰ ਕੇ ਜਿਥੇ ਆਮ ਲੋਕ ਪ੍ਰੇਸ਼ਾਨ ਹਨ ਦੂਜੇ ਪਾਸੇ ਬੀਮਾਰ, ਬਜ਼ੁਰਗਾਂ ਅਤੇ ਬੱਚਿਆਂ ਲਈ ਇਹ ਧੂੰਆਂ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਜ਼ਿਲੇ ਭਰ 'ਚ ਧੂੰਆਂ ਛਾਇਆ ਹੋਇਆ ਹੈ ਜੋ ਦਿਨ ਪ੍ਰਤੀਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਦਿਨ 'ਚ ਧੂੰਆਂ ਕੁੱਝ ਘੱਟ ਰਹਿੰਦਾ ਹੈ ਪਰ ਦਿਨ ਢੱਲਦਿਆਂ ਹੀ ਧੂੰਏਂ ਦੀ ਇਹ ਚਾਦਰ ਹੋਰ ਵੀ ਗਹਿਰੀ ਹੋ ਜਾਂਦੀ ਹੈ। ਵਾਤਾਵਰਣ 'ਚ ਨਮੀ ਵਧਣ ਨਾਲ ਹੀ ਸ਼ਾਮ ਨੂੰ ਧੂੰਆਂ ਥੱਲ੍ਹੇ ਉਤਰਨਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਵਿਜ਼ੀਬਿਲਟੀ ਵੀ ਘੱਟ ਹੋ ਜਾਂਦੀ ਹੈ।