ਸੁਖਬੀਰ ਬਾਦਲ ਵੱਲੋਂ 1984 ਵਿਚ ਕੋਰਟ ਮਾਰਸ਼ਲ ਕੀਤੇ 309 ਫੌਜੀਆਂ ਨੂੰ ਦੋਸ਼-ਮੁਕਤ ਕਰਨ ਅਤੇ ਉਹਨਾਂ ਦੇ ਸਾਬਕਾ ਫੌਜੀਆਂ ਵਾਲੇ ਲਾਭ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਅਪੀਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉੱਤੇ ਆਪਰੇਸ਼ਨ ਬਲਿਊ ਸਟਾਰ ਮਗਰੋਂ ਸਦਮੇ ਵਿਚ ਬੈਰਕਾਂ ਛੱਡਣ ਵਾਲੇ 309 ਸਿੱਖ ਫੌਜੀਆਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦੇਣ। ਅੱਜ ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹ ਕਿ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਵਾਏ ਹਮਲੇ ਮਗਰੋਂ ਸਦਮੇ ਵਜੋਂ ਦੇਸ਼ ਦੇ ਵੱਖ -ਵੱਖ ਭਾਗਾਂ ਵਿਚ 309 ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਚਲੇ ਗਏ ਸਨ। ਤੋਪਾਂ ਅਤੇ ਟੈਂਕਾਂ ਨਾਲ ਕੀਤੇ ਗਏ ਇਸ ਹਮਲੇ ਨੂੰ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਆਪਣੀਆਂ ਰੂਹਾਂ ਉੱਤੇ ਹੋਇਆ ਹਮਲਾ ਮੰਨਿਆ ਗਿਆ ਸੀ। ਇਸ ਕਾਰਵਾਈ ਲਈ ਬਾਅਦ ਵਿਚ ਸਿੱਖ ਫੌਜੀਆਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ। ਇਹ ਟਿੱਪਣੀ ਕਰਦਿਆਂ ਕਿ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਕੀਤਾ ਅਪਰਾਧ ਇਸ ਨਾਲ ਕਿਤੇ ਵੱਡਾ ਅਤੇ ਨਾ-ਮੁਆਫੀਯੋਗ ਸੀ, ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਹਨਾਂ ਕੋਰਟ ਮਾਰਸ਼ਲ ਕੀਤੇ 309 ਫੌਜੀਆਂ ਨੂੰ ਸਾਬਕਾ ਫੌਜੀ ਕਰਾਰ ਦਿੱਤਾ ਜਾਵੇ ਅਤੇ ਉਹਨਾਂ ਦੇ ਸਾਰੇ ਫੌਜੀ ਲਾਭ ਬਹਾਲ ਕੀਤੇ ਜਾਣ।