ਹਰਭਜਨ ਮਾਨ ਨੇ ਕੀਤੇ ਡਾ. ਵਿਕਰਮ ਦੇ ‘ਜਜ਼ਬਾਤ’ ਰਿਲੀਜ਼
ਡਾ. ਵਿਕਰਮ ਨੇ ਲੰਮੇ ਸਾਲਾਂ ਦੀਆਂ ਕੁਝ ਆਪਣੀਆਂ ਅਤੇ ਕੁਝ ਮੇਰੀਆਂ ਖ਼ੂਬਸੂਰਤ ਯਾਦਾਂ, ਜੋ ਮੈਨੂੰ ਪਤਾ ਵੀ ਨਹੀਂ ਹੁੰਦੀਆਂ ਉਹ ਇਸ ਕਿਤਾਬ ਰਾਹੀਂ ‘ਜਜ਼ਬਾਤ’ ਟਾਈਟਲ ਦੇ ਕੇ ਲਿਖੀਆਂ ਹਨ। ਇਸ ਸਾਰੀ ਕਿਤਾਬ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਬਹੁਤ ਆਨੰਦ ਆਇਆ ਅਤੇ ਇੰਜ ਜਾਪਿਆ ਜਿਵੇਂ ਮੇਰੇ ਨਾਲ ਵਾਪਰੀਆਂ ਘਟਨਾਵਾਂ ਨੂੰ ਮੈਂ ਮੁੜ ਤੋਂ ਜਿਊਂ ਲਿਆ ਹੋਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਦੇ ਮਕਬੂਲ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਡਾ. ਵਿਕਰਮ ਸੰਗਰੂਰ ਦੀ ਨਵੀਂ ਕਿਤਾਬ ‘ਜਜ਼ਬਾਤ’ ਨੂੰ ਰਿਲੀਜ਼ ਕਰਨ ਉਪਰੰਤ ਕੀਤਾ। ਹਰਭਜਨ ਮਾਨ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਚੰਗਾ ਸਾਹਿਤ ਪੜ੍ਹਨ ਲਈ ਜ਼ਰੂਰ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਚੰਗਾ ਸਾਹਿਤ ਚੰਗੀ ਸੋਚ ਨੂੰ ਪੈਦਾ ਕਰਦਾ ਹੈ।
ਆਪਣੀ ਕਿਤਾਬ ਬਾਰੇ ਵਿਚਾਰ ਸਾਂਝੇ ਕਰਦਿਆਂ ਡਾ. ਵਿਕਰਮ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕਿਤਾਬ ਦੀਆਂ ਰਚਨਾਵਾਂ ਪੜ੍ਹਨ ਵਾਲੇ ਨੂੰ ਧੁਰ ਅੰਦਰ ਤੱਕ ਝੰਜੋੜਨ ਦੀ ਕੋਸ਼ਿਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦੀਆਂ ਰਚਨਾਵਾਂ ਜ਼ਿੰਦਗੀ ਦੇ ਹਰ ਜਜ਼ਬਾਤ ਵਿੱਚ ਡੁੱਬ ਕੇ ਲਿਖੀਆਂ ਗਈਆਂ ਹਨ ਜਿਨ੍ਹਾਂ ਨੂੰ ਕਿਤਾਬੀ ਰੂਪ ਤੱਕ ਪਹੁੰਚਣ ਵਾਸਤੇ ਕਰੀਬ 11 ਸਾਲਾਂ ਦਾ ਸਮਾਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦੀ ਹਰ ਰਚਨਾ ਨਾਲ ਫਾਇਨ ਆਰਟਜ਼ ਦੇ ਸਹਾਇਕ ਪ੍ਰੋਫੈਸਰ ਸੰਦੀਪ ਸਿੰਘ ਵੱਲੋਂ ਕਲਾਤਮਕ ਸਕੈੱਚਜ਼ ਵੀ ਬਣਾਏ ਗਏ ਹਨ ਜੋ ਕਿ ਪਾਠਕਾਂ ਨੂੰ ਬੇਹੱਦ ਪਸੰਦ ਆਉਣਗੇ।ਉਨ੍ਹਾਂ ਦੱਸਿਆ ਕਿ ਇਹ ਕਿਤਾਬ ਘਰ ਬੈਠੇ ਮੰਗਵਾਉਣ ਲਈ ਉਨ੍ਹਾਂ ਨਾਲ +91 98884 13836 ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਡਾ. ਵਿਕਰਮ ਨੇ ਪੱਤਰਕਾਰੀ ਅਤੇ ਜਨ-ਸੰਚਾਰ ਵਿਸ਼ੇ ਵਿੱਚ ਪੀਐੱਚ.ਡੀ. ਕੀਤੀ ਹੋਈ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਦੇਸ਼-ਵਿਦੇਸ਼ਾਂ ਦੇ ਅਖ਼ਬਾਰਾਂ ਵਿੱਚ ਲਿਖਦੇ ਆ ਰਹੇ ਹਨ ਅਤੇ ਮੌਜੂਦਾ ਸਮੇਂ ਸਿਹਤ ਵਿਭਾਗ ਸੰਗਰੂਰ ਦੇ ਮਾਸ ਮੀਡੀਆ ਵਿੰਗ ਵਿੱਚ ਕਾਰਜਸ਼ੀਲ ਹਨ।ਇਸ ਮੌਕੇ ਸਾਬਕਾ ਪੰਜਾਬੀ ਮਾਸਟਰ ਸ. ਜਸਬੀਰ ਸਿੰਘ, ਪ੍ਰੋ. ਸੰਦੀਪ ਸਿੰਘ ਅਤੇ ਗੁਰਜੀਤ ਸਿੰਘ ਗੁਰੀ ਸਿਰਸਾ ਵੀ ਮੌਜੂਦ ਸਨ।