ਮੁੱਖ ਖੇਤੀਬਾੜੀ ਅਫ਼ਸਰ ਨੇ ਮੀਟਿੰਗ ਵਿੱਚ ਖੇਤੀਬਾੜੀ ਅਧਿਕਾਰੀਆਂ ਨੂੰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਹਦਾਇਤਾਂ
,
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਮੂਹ ਖੇਤੀਬਾੜੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਨਰਮੇਂ ਦੀ ਫ਼ਸਲ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ 27 ਪੈਸਟ ਸਰਵੇਲੈਂਸ ਟੀਮਾਂ ਵੱਲੋਂ ਲਗਾਤਾਰ ਖੇਤਾਂ ਵਿੱਚ ਨਰਮੇਂ ਦੀ ਫ਼ਸਲ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਸਰਵੇਖਣ ਅਨੁਸਾਰ ਅਜੇ ਤੱਕ ਨਰਮੇਂ ਦੀ ਫ਼ਸਲ ਤਸੱਲੀਬਖ਼ਸ਼ ਹੈ ਅਤੇ ਫਸਲ ਉਪਰ ਕਿਸੇ ਵੀ ਕੀਟ ਜਾਂ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ।
ਉਨ੍ਹਾਂ ਵੱਲੋਂ ਖੇਤੀਬਾੜੀ ਅਧਿਕਾਰੀਆਂ ਨੂੰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਦੇ ਬਦਲ ਵਜੋਂ ਸਾਉਣੀ ਰੁੱਤ ਦੀਆਂ ਫ਼ਸਲਾਂ ਜਿਵੇਂ ਪਕਾਵੀਂ ਮੱਕੀ ਅਧੀਨ ਰਕਬਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਮੱਕੀ ਦੀ ਫ਼ਸਲ ਨੂੰ ਹੋਰ ਜਿਆਦਾ ਉਤਾਸ਼ਾਹਿਤ ਕਰਨ ਲਈ ਸਾਉਣੀ 2024 ਦੌਰਾਨ ਬੀਜੀ ਜਾਣ ਵਾਲੀ ਪਕਾਵੀਂ ਮੱਕੀ ਪੀ.ਏ.ਯੂ ਲੁਧਿਆਣਾ ਵੱਲੋਂ ਪ੍ਰਮਾਣਿਤ ਕਿਸਮਾਂ ਦੇ ਬੀਜ ਤੇ ਸਬਸਿਡੀ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ agrimachinerypb.com ਪੋਰਟਲ ਤੇ ਰਜਿਸਟ੍ਰੇਸ਼ਨ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਮੱਕੀ ਬੀਜ ਤੇ ਸਬਸਿਡੀ ਪ੍ਰਾਪਤ ਕਰਨ ਲਈ ਬੀਜ ਦੇ ਖ੍ਰੀਦ ਬਿੱਲਾਂ ਲਈ ਅੰਤਿਮ ਮਿਤੀ 25 ਜੂਨ 2024 ਤੋਂ ਵਧਾ ਕੇ 10 ਜੁਲਾਈ 2024 ਕਰ ਦਿੱਤੀ ਹੈ। Author : Malout Live