ਕਾਰ ਤੇ ਟਰਾਲੇ ਦੀ ਟੱਕਰ 'ਚ ਪਤੀ ਪਤਨੀ ਦੀ ਮੌਤ, ਪੁਲਿਸ ਵੱਲੋਂ ਮੁਕੱਦਮਾ ਦਰਜ

,

ਮਲੋਟ (ਲੰਬੀ): ਬੀਤੇ ਦਿਨੀਂ ਰਾਸ਼ਟਰੀ ਰਾਜ ਮਾਰਗ ਨੰਬਰ 9 ਤੇ ਪਿੰਡ ਖੁੱਡੀਆਂ ਗੁਲਾਬ ਸਿੰਘ ਤੇ ਚੰਨੂੰ ਲਿੰਕ ਸੜਕ ਦੇ ਨੇੜੇ ਇੱਕ ਟਰਾਲੇ ਤੇ ਕਾਰ ਦੀ ਭਿਆਨਕ ਟੱਕਰ ਵਿੱਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਮ੍ਰਿਤਕ ਨੌਜਵਾਨ ਜਗਪ੍ਰੀਤ ਸਿੰਘ ਦੇ ਪਿਤਾ ਪ੍ਰੇਮ ਚੰਦ ਪੁੱਤਰ ਗੰਗਾ ਰਾਮ ਵਾਸੀ ਘੁੱਕਿਆਂਵਾਲੀ (ਹਰਿਆਣਾ) ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਗਪ੍ਰੀਤ ਹਲਕਾ ਲੰਬੀ ਦੇ ਪਿੰਡ ਭਾਈਕੇਰਾ ਦੇ ਮਲਕੀਤ ਸਿੰਘ ਦੀ ਬੇਟੀ ਨਵਦੀਪ ਕੌਰ ਨਾਲ ਵਿਆਹਿਆ ਹੋਇਆ ਸੀ, ਉਨ੍ਹਾਂ ਦੀ ਨੂੰਹ ਨਵਦੀਪ ਕੌਰ ਜੋ ਕਿ ਗਰਭਵਤੀ ਸੀ ਤੇ ਉਸ ਦਾ ਬੇਟਾ ਜਗਪ੍ਰੀਤ ਉਸ ਨੂੰ ਦਵਾਈ ਦਿਵਾਉਣ ਲਈ ਆਪਣੀ ਕਾਰ ਨੰ: ਐਚ ਆਰ-29ਏ.ਜੀ/4717 'ਤੇ ਮਲੋਟ ਆ ਰਹੇ ਸਨ।

ਜਦ ਕਿ ਉਹ ਤੇ ਉਸਦੇ ਕੁੜਮ ਮਲਕੀਤ ਸਿੰਘ ਵੀ ਆਲਟੋ ਕਾਰ ਨੰ ਪੀ.ਬੀ-30ਆਰ-9455 'ਤੇ ਪਿੱਛੇ ਆ ਰਹੇ ਸਨ। ਇਸ ਦੌਰਾਨ ਰਾਸ਼ਟਰੀ ਮਾਰਗ ਨੰ: 9 ਨੂੰ ਕਰਾਸ ਕਰਦੀ ਖੁੱਡੀਆਂ ਗੁਲਾਬ ਸਿੰਘ-ਚੰਨੂੰ ਲਿੰਕ ਸੜਕ ਨੇੜੇ ਇੱਕ ਟਰਾਲਾਜਿਸ ਦਾ ਆਰ ਸੀ ਨੰ: ਐਚ ਆਰ-39ਈ-2185 ਜਿਸ ਨੂੰ ਅਣਪਛਾਤਾ ਡਰਾਈਵਰ ਚਲਾ ਰਿਹਾ ਸੀ, ਨੇ ਬਿਨਾਂ ਇਸ਼ਾਰਾ ਕੀਤੇ ਇਕਦਮ ਮੋੜ ਦਿੱਤਾ, ਜਿਸਦੀ ਲਪੇਟ ਵਿੱਚ ਆ ਕੇ ਉਨ੍ਹਾਂ ਦੇ ਬੇਟੇ ਜਗਪ੍ਰੀਤ ਤੇ ਨੂੰਹ ਨਵਦੀਪ ਦੀ ਕਾਰ ਹਾਦਸਾਗ੍ਰਸਤ ਹੋ ਗਈ ਤੇ ਪਤੀ ਪਤਨੀ ਦੀ ਇਸ ਘਟਨਾ 'ਚ ਮੌਤ ਹੋ ਗਈ। ਥਾਣਾ ਲੰਬੀ ਪੁਲਿਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। Author: Malout Live